ਕੋਰੋਨਾ–ਵਾਇਰਸ ਦੀ ਲਾਗ ਵਧਣ ਤੋਂ ਰੋਕਣ ਲਈ ਭਾਰਤ ’ਚ ਇਸ ਵੇਲੇ ਦੋ ਗੇੜਾਂ ’ਚ 40 ਦਿਨਾਂ ਦਾ ਲੌਕਡਾਊਨ ਹੈ ਅਤੇ ਲੋਕ ਛੇਤੀ ਤੋਂ ਛੇਤੀ 3 ਮਈ ਦੀ ਉਡੀਕ ਕਰ ਰਹੇ ਹਨ ਕਿ ਦੇਸ਼ ’ਚੋਂ ਲੌਕਡਾਊਨ ਖ਼ਤਮ ਹੋਵੇ – ਪਰ ਦੁਨੀਆ ਦੇ ਪ੍ਰਮੁੱਖ ਮੈਡੀਕਲ ਜਰਨਲ ‘ਲਾਂਸੈਟ’ ਦੇ ਮੁੱਖ ਸੰਪਾਦਕ ਰਿਚਰਡ ਹੌਰਟਨ ਦਾ ਕਹਿਣਾ ਹੈ ਕਿ ਭਾਰਤ ਨੂੰ ਲੌਕਡਾਊਨ ਹਟਾਉਣ ਦੀ ਕਾਹਲ਼ੀ ਨਹੀਂ ਕਰਨੀ ਚਾਹੀਦੀ, ਸਗੋਂ ਘੱਟੋ–ਘੱਟ 10 ਹਫ਼ਤਿਆਂ ਲਈ ਲੌਕਡਾਊਨ ਕਰਨਾ ਚਾਹੀਦਾ ਹੈ।
ਜੇ ਸ੍ਰੀ ਰਿਚਰਡ ਹੌਰਟਨ ਦੀ ਸਲਾਹ ’ਤੇ ਚੱਲਿਆ ਜਾਵੇ, ਤਾਂ ਸਮੁੱਚੇ ਮਈ ਮਹੀਨੇ ਦੌਰਾਨ ਵੀ ਭਾਰਤ ’ਚ ਲੌਕਡਾਊਨ ਰੱਖਣਾ ਹੋਵੇਗਾ।
ਭਾਰਤ ’ਚ ਇਸ ਵੇਲੇ ਲੌਕਡਾਊਨ ਦਾ ਦੂਜਾ ਗੇੜ ਚੱਲ ਰਿਹਾ ਹੈ, ਜੋ 3 ਮਈ ਨੂੰ ਖ਼ਤਮ ਹੋਵੇਗਾ। ਲੋਕਾਂ ਨੂੰ ਆਸ ਹੈ ਕਿ 3 ਮਈ ਤੋਂ ਬਾਅਦ ਲੌਕਡਾਊਨ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਸ੍ਰੀ ਰਿਚਰਡ ਹੌਰਟਨ ਨੇ ‘ਇੰਡੀਆ ਟੂਡੇ ਟੀਵੀ’ ਅਤੇ ਟੀਵੀ ਚੈਨਲ ‘ਆਜ ਤੱਕ’ ਨਾਲ ਖਾਸ ਗੱਲਬਾਤ ਦੌਰਾਨ ਸੁਝਾਅ ਦਿੱਤਾ ਕਿ ਭਾਰਤ ਨੂੰ ਲੌਕਡਾਊਨ ਦੀ ਕੋਈ ਕਾਹਲ਼ੀ ਨਹੀਂ ਕਰਨੀ ਚਾਹੀਦੀ ਤੇ ਉਸ ਨੂੰ ਘੱਟੋ–ਘੱਟ 10 ਹਫ਼ਤੇ ਲੌਕਡਾਊਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਸ੍ਰੀ ਹੌਰਟਨ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਇਹ ਮਹਾਮਾਰੀ ਸਦਾ ਲਈ ਨਹੀਂ ਹੈ। ਇਹ ਆਪਣੇ–ਆਪ ਹੀ ਖ਼ਤਮ ਹੋ ਜਾਵੇਗੀ। ਸਾਡੇ ਦੇਸ਼ ’ਚ ਵਾਇਰਸ ’ਤੇ ਕਾਬੂ ਪਾਉਣ ਲਈ ਸਹੀ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ।
ਸ੍ਰੀ ਹੌਰਟਨ ਨੇ ਕਿਹਾ ਕਿ ਜੇ ਭਾਰਤ ’ਚ ਲੌਕਡਾਊਨ ਸਫ਼ਲ ਹੁੰਦਾ ਹੈ, ਤਾਂ ਤੁਸੀਂ ਵੇਖੋਗੇ ਕਿ 10 ਹਫ਼ਤਿਆਂ ਇਹ ਮਹਾਮਾਰੀ ਯਕੀਨੀ ਤੌਰ ’ਤੇ ਖ਼ਤਮ ਹੋ ਜਾਵੇਗੀ। ਜੇ ਇਸ ਦੇ ਅੰਤ ’ਚ ਵਾਇਰਸ ਖ਼ਤਮ ਹੋ ਜਾਂਦਾ ਹੈ, ਤਾਂ ਸਭ ਕੁਝ ਆਮ ਵਰਗਾ ਹੋ ਸਕਦਾ ਹੈ।
ਸ੍ਰੀ ਰਿਚਡ ਹੌਰਟਨ ਨੇ ਖਾਸਾ ਗੱਲਬਾਤ ਦੌਰਾਨ ਕਿਹਾ ਕਿ ਇਹ ਸਹੀ ਹੈ ਕਿ ਹਾਲਾਤ ਸੁਖਾਵੇਂ ਨਹੀਂ ਹਨ। ਸਾਨੂੰ ਸਰੀਰਕ ਦੂਰੀ ਬਣਾ ਕੇ ਰੱਖਣੀ ਹੋਵੇਗੀ, ਮਾਸਕ ਪਹਿਨਦਾ ਹੋਵੇਗਾ ਅਤੇ ਨਿਜੀ ਸਾਫ਼–ਸਫ਼ਾਈ ਲਈ ਖਾਸ ਤੌਰ ’ਤੇ ਚੌਕਸ ਰਹਿਣਾ ਹੋਵੇਗਾ।