ਵੋਟਾਂ ਦੀ ਗਿਣਤੀ ਦੇ ਮੁਢਲੇ ਰੁਝਾਨਾਂ ਤੋਂ ਹੁਣ ਜਦੋਂ ਕਾਫ਼ੀ ਹੱਦ ਤੱਕ ਸਪੱਸ਼ਟ ਹੋ ਚੱਲਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐੱਨਡੀਏ ਇੱਕ ਵਾਰ ਫਿਰ ਦੇਸ਼ ਵਿੱਚ ਭਾਰੀ ਬਹੁਮੱਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ; ਆਓ ਜਾਣੀਏ ਕਿ 543 ਮੈਂਬਰਾਂ ਵਾਲੀ ਲੋਕ ਸਭਾ ’ਚ ਸਾਲ 2014 ਦੀਆਂ ਚੋਣਾਂ ਵੇਲੇ ਪਾਰਟੀਆਂ ਦੀ ਕੀ ਪੁਜ਼ੀਸ਼ਨ ਸੀ।
ਸਾਲ 2014 ਦੌਰਾਨ ਭਾਰਤੀ ਜਨਤਾ ਪਾਰਟੀ ਕੋਲ 282 ਸੀਟਾਂ ਸਨ; ਜਦ ਕਿ ਦੇਸ਼ ਦੇ ਕੇਂਦਰ ਵਿੱਚ ਸਰਕਾਰ ਬਣਾਉਣ ਲਈ 272 ਸੀਟਾਂ ਚਾਹੀਦੀਆਂ ਹੁੰਦੀਆਂ ਹਨ। ਉਸ ਨੂੰ 31.33 ਫ਼ੀ ਸਦੀ ਵੋਟਾਂ ਮਿਲੀਆਂ ਸਨ। ਐੱਨਡੀਏ ਵਿੱਚ ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਕੋਲ 18 ਸੀਟਾਂ ਸਨ। ਤੇਲਗੂ ਦੇਸਮ ਪਾਰਟੀ 16 ਸੀਟਾਂ ਜਿੱਤੀ ਸੀ। ਲੋਕ ਜਨਤਾਂਤ੍ਰਿਕ ਪਾਰਟੀ ਕੋਲ 6 ਸੀਟਾਂ ਸਨ। ਹੋਰਨਾਂ ਕੋਲ 14 ਸੀਟਾਂ ਸਨ।
ਉੱਧਰ ਕਾਂਗਰਸ ਦੀ ਅਗਵਾਈ ਹੇਠਲੇ ਯੂਪੀਏ ਕੋਲ 60 ਸੀਟਾਂ ਸਨ; ਜਿਨ੍ਹਾਂ ਵਿੱਚੋਂ ਕਾਂਗਰਸ ਕੋਲ 44 ਸੀਟਾਂ ਸਨ ਤੇ ਉਸ ਨੂੰ ਸਿਰਫ਼ 19.52 ਫ਼ੀ ਸਦੀ ਵੋਟਾਂ ਮਿਲੀਆਂ ਸਨ। ਰਾਸ਼ਟਰੀ ਜਨਤਾ ਦਲ ਨੂੰ ਤਦ 4 ਸੀਟਾਂ ਮਿਲੀਆਂ ਸਨ। ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ 6 ਸੀਟ ਮਿਲੀਆਂ ਸਨ। ਝਾਰਖੰਡ ਮੁਕਤੀ ਮੁਰਚਾ ਕੋਲ 2 ਤੇ ਹੋਰਨਾਂ ਕੋਲ 4 ਸੀਟਾਂ ਸਨ।
ਐੱਮਡੀਐੱਮਕੇ ਕੋਲ 37 ਸੀਟਾਂ ਸਨ, ਤ੍ਰਿਣਮੂਲ ਕਾਂਗਰਸ ਕੋਲ 34 ਸੀਟਾਂ ਸਨ। ਬੀਜੂ ਜਨਤਾ ਦਲ ਨੇ 20 ਸੀਟਾਂ ਜਿੱਤੀਆਂ ਸਨ। ਟੀਆਰਐੱਸ ਨੂੰ ਤਦ 11 ਤੇ ਹੋਰਨਾਂ ਨੂੰ 45 ਸੀਟਾਂ ਮਿਲੀਆਂ ਸਨ।