ਇਸ ਸਮੇਂ ਜਦੋਂ ਕੋਵਿਡ-19 ਮਹਾਂਮਾਰੀ ਨੇ ਵਿਸ਼ਵ ਭਰ 'ਚ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਉਡੀਸਾ 'ਚ ਇੱਕ ਨੌਜਵਾਨ ਜੋੜੇ ਨੇ ਕੁਆਰੰਟੀਨ ਸੈਂਟਰ 'ਚ ਵਿਆਹ ਕਰਵਾ ਲਿਆ। ਦੋਵੇਂ ਇਸ ਸਾਲ ਜਨਵਰੀ 'ਚ ਆਪਣੇ ਘਰੋਂ ਭੱਜ ਗਏ ਸਨ। ਉਡੀਸਾ ਦੇ ਪੂਰੀ ਜ਼ਿਲ੍ਹੇ ਦੇ ਸਗਾਡਾ ਪਿੰਡ ਵਾਸੀ 19 ਸਾਲਾ ਸੌਰਭ ਦਾਸ ਨੇ ਇਸੇ ਪਿੰਡ ਦੀ ਪਿੰਕੀ ਰਾਣੀ ਦਾਸ ਨਾਲ ਕੁਆਰੰਟੀਨ ਸੈਂਟਰ 'ਚ ਹੀ ਵਿਆਹ ਕਰਵਾ ਲਿਆ।
ਸੌਰਭ ਇਸ ਸਾਲ ਜਨਵਰੀ 'ਚ ਪਿੰਕੀ ਰਾਣੀ ਨਾਲ ਭੱਜ ਕੇ ਅਹਿਮਦਾਬਾਦ ਚਲਾ ਗਿਆ ਸੀ, ਜਿੱਥੇ ਦੋਵੇਂ ਇਕੱਠੇ ਰਹਿੰਦੇ ਸਨ। ਹਾਲਾਂਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੇ ਪਰਿਵਾਰ ਵਿਰੁੱਧ ਕੋਈ ਐਫਆਈਆਰ ਦਰਜ ਨਹੀਂ ਕਰਵਾਈ। ਪਲਾਸਟਿਕ ਫ਼ੈਕਟਰੀ, ਜਿੱਥੇ ਸੌਰਭ ਨੇ ਅਹਿਮਦਾਬਾਦ ਵਿੱਚ ਕੰਮ ਕੀਤਾ, ਉਹ ਲੌਕਡਾਊਨ ਦੌਰਾਨ ਬੰਦ ਹੋ ਗਈ। ਦੋਵਾਂ ਲਈ ਵਾਪਸ ਆਉਣਾ ਮੁਸ਼ਕਲ ਹੋ ਰਿਹਾ ਸੀ। ਕਾਫ਼ੀ ਮਸ਼ੱਕਤ ਤੋਂ ਬਾਅਦ ਇਹ ਜੋੜਾ ਸਗਾਡਾ ਪਿੰਡ ਆ ਗਿਆ ਅਤੇ ਉੱਥੇ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ 'ਚ ਰੱਖ ਦਿੱਤਾ ਗਿਆ।
ਨਿਮਾਪਾਰਾ ਦੇ ਬਲਾਕ ਵਿਕਾਸ ਅਫ਼ਸਰ ਮਨੋਜ ਬਹੇਰਾ ਨੇ ਕਿਹਾ, "ਦੋਵਾਂ ਨੇ ਅਹਿਮਦਾਬਾਦ ਤੋਂ ਪਰਤਣ ਮਗਰੋਂ 10 ਮਈ ਨੂੰ ਸੰਗਰੋਧ ਕੇਂਦਰ 'ਚ ਜਾਂਚ ਕਰਵਾਈ। ਹਾਲਾਂਕਿ ਦੋਵਾਂ ਦੇ ਕੋਵਿਡ-19 ਟੈਸਟ ਨੈਗੇਟਿਵ ਆਏ। ਲੜਕੀ ਗਰਭਵਤੀ ਹੈ। ਇਸੇ ਲਈ ਅਸੀ ਤੈਅ ਕੀਤਾ ਕਿ ਦੋਵਾਂ ਦਾ ਕੁਆਰੰਟੀਨ ਸੈਂਟਰ 'ਚ ਵਿਆਹ ਕਰਵਾ ਦਿੱਤਾ ਜਾਵੇ। ਉਨ੍ਹਾਂ ਨੇ 24 ਮਈ ਨੂੰ ਸਗਾਡਾ ਪਿੰਡ ਵਿਖੇ ਸੰਸਥਾਗਤ ਕੁਆਰੰਟੀਨ ਦੇ 14 ਦਿਨ ਪੂਰੇ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ।"
ਨਿਯਮਾਂ ਮੁਤਾਬਕ ਪਰਿਵਾਰਕ ਮੈਂਬਰ ਕੁਆਰੰਟੀਨ ਸੈਂਟਰ 'ਚ ਦਾਖਲ ਨਹੀਂ ਹੋ ਸਕਦੇ ਸਨ। ਅਜਿਹੇ 'ਚ ਦੋ ਅਧਿਆਪਕ, ਜੋ ਕੁਆਰੰਟੀਨ ਸੈਂਟਰ ਦੇ ਇੰਚਾਰਜ ਸਨ, ਉਹ ਲਾੜੇ ਤੇ ਲਾੜੀ ਦੇ ਮਾਪੇ ਬਣ ਗਏ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ। ਸਥਾਨਕ ਸਰਪੰਚ, ਵਾਰਡ ਮੈਂਬਰਾਂ, ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੇ ਵਿਆਹ ਪ੍ਰਬੰਧਾਂ ਨੂੰ ਆਯੋਜਿਤ ਕਰਨ 'ਚ ਮਦਦ ਕੀਤੀ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਡੀਸਾ 'ਚ ਕੋਵਿਡ-19 'ਚ 76 ਲੋਕ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਦੀ ਗਿਣਤੀ 1,593 ਹੋ ਗਈ ਹੈ।