ਭਾਰਤੀ ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਜੰਮੂ ਚ ਪੱਤਰਕਾਰਾਂ ਨੂੰ ਕਿਹਾ, “ਜਿੱਥੋਂ ਤੱਕ ਜੰਮੂ-ਕਸ਼ਮੀਰ ਚ ਸਰਗਰਮ ਅੱਤਵਾਦੀਆਂ ਦੀ ਗੱਲ ਹੈ ਤਾਂ ਬਾਹਰੋਂ ਆਏ 200-300 ਅੱਤਵਾਦੀ ਆਪਣੇ ਕੰਮ ਵਿਚ ਲੱਗੇ ਹੋਏ ਹਨ। ਇਸੇ ਤਰ੍ਹਾਂ ਤਕਰੀਬਨ 500 ਪੀਓਕੇ ਅੱਤਵਾਦੀ ਸਿਖਲਾਈ ਕੈਂਪਾਂ ਚ ਟ੍ਰੇਨਿੰਗ ਲੈ ਰਹੇ ਹਨ ਤੇ ਜੰਮੂ-ਕਸ਼ਮੀਰ ਚ ਘੁਸਪੈਠ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਸਿਖਲਾਈ ਪ੍ਰੋਗਰਾਮ ਅਨੁਸਾਰ ਇਹ ਗਿਣਤੀ ਘਟਦੀ ਜਾ ਰਹੀ ਹੈ। ਉਨ੍ਹਾਂ ਦੀ ਗਿਣਤੀ ਚਾਹੇ ਜੋ ਵੀ ਹੋਵੇ, ਅਸੀਂ ਉਨ੍ਹਾਂ ਨੂੰ ਰੋਕਣ ਅਤੇ ਖ਼ਤਮ ਕਰਨ ਦੇ ਯੋਗ ਹਾਂ ਤਾਂ ਜੋ ਖੇਤਰ ਵਿਚ ਸ਼ਾਂਤੀ ਅਤੇ ਸਧਾਰਣਤਾ ਕਾਇਮ ਰਹੇ।
ਮਿਲਟਰੀ ਕਮਾਂਡਰ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸ਼ਾਂਤੀ ਅਤੇ ਸਧਾਰਣਤਾ ਨੂੰ ਯਕੀਨੀ ਬਣਾਉਣ ਲਈ ਫ਼ੌਜ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ। ਪਰ ਪਾਕਿਸਤਾਨ ਇਥੇ ਸ਼ਾਂਤੀ ਵਿਗਾੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਅੱਜ ਵੀ ਪਾਕਿਸਤਾਨ ਦੇ ਅੰਦਰ ਅੱਤਵਾਦੀ ਢਾਂਚਾ ਚੱਲ ਰਿਹਾ ਹੈ। ਉਨ੍ਹਾਂ ਚ ਅੱਤਵਾਦੀਆਂ ਦੇ ਸਿਖਲਾਈ ਕੈਂਪ ਅਤੇ ਦੇਸ਼ ਵਿਚ ਘੁਸਪੈਠ ਕਰਨ ਲਈ ਉਨ੍ਹਾਂ ਦੇ ਲਾਂਚਿੰਗ ਪੈਡ ਸ਼ਾਮਲ ਹਨ।
ਜਦੋਂ ਪੰਜਾਬ ਚ ਡਰੋਨਾਂ ਰਾਹੀਂ ਪਾਕਿਸਤਾਨ ਵੱਲੋਂ ਸੁੱਟੇ ਜਾ ਰਹੇ ਹਥਿਆਰਾਂ ਦੇ ਮੁੱਦੇ 'ਤੇ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਹਥਿਆਰਾਂ ਨਾਲ ਲੈਸ ਰੱਖਣ ਲਈ ਡਰੋਨ ਦੀ ਤਾਇਨਾਤੀ ਪਾਕਿਸਤਾਨ ਦਾ ਇਕ ਨਵਾਂ ਤਰੀਕਾ ਹੈ। ਉਨ੍ਹਾਂ ਕਿਹਾ, "ਪਰ ਮੈਂ ਇਹ ਨਿਸ਼ਚਤ ਕਰਨਾ ਚਾਹੁੰਦਾ ਹਾਂ ਕਿ ਭਾਰਤੀ ਫੌਜ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਯੋਜਨਾ ਨੂੰ ਨਾਕਾਮ ਕਰਨ ਲਈ ਸਮਰੱਥ ਅਤੇ ਦ੍ਰਿੜ ਹੈ। ਉਨ੍ਹਾਂ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।”
ਫ਼ੌਜ਼ ਦੇ ਚੋਟੀ ਦੇ ਕਮਾਂਡਰ ਉੱਭਰ ਰਹੀਆਂ ਸੁਰੱਖਿਆ ਅਤੇ ਪ੍ਰਸ਼ਾਸਨਿਕ ਚੁਣੌਤੀਆਂ ਅਤੇ ਫੋਰਸ ਦੀ ਭਵਿੱਖ ਦੀ ਰਣਨੀਤੀ 'ਤੇ ਅੱਜ ਤੋਂ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਨਗੇ। ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਨਵੀਂ ਦਿੱਲੀ ਵਿੱਚ 14 ਤੋਂ 19 ਅਕਤੂਬਰ ਤੱਕ ਹੋਵੇਗੀ।
ਦੱਸਣਯੋਗ ਹੈ ਕਿ ਫੌਜ ਦੇ ਕਮਾਂਡਰ ਸਾਲ ਵਿਚ ਦੋ ਵਾਰ ਅਪ੍ਰੈਲ ਅਤੇ ਅਕਤੂਬਰ ਚ ਉੱਚ ਪੱਧਰ 'ਤੇ ਵਿਚਾਰ ਵਟਾਂਦਰੇ ਲਈ ਮਿਲਦੇ ਹਨ। ਕਾਨਫਰੰਸ ਦੀ ਸ਼ੁਰੂਆਤ 14 ਅਕਤੂਬਰ ਨੂੰ ਆਰਮੀ ਚੀਫ ਬਿਪਿਨ ਰਾਵਤ ਦੇ ਸੰਬੋਧਨ ਨਾਲ ਹੋਵੇਗੀ। ਕਾਨਫਰੰਸ ਚ ਮੌਜੂਦਾ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੱਖਿਆ ਉਦਯੋਗਾਂ ਦੁਆਰਾ ਰੱਖਿਆ ਉਪਕਰਣਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।