ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਇਲਾਕੇ 'ਚ 6ਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੇ ਫਾਹਾ ਲੈ ਲਿਆ। ਵਿਦਿਆਰਥਣ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਇੱਕ ਵੈਨ ਡਰਾਈਵਰ ਉਸ ਦੀ ਲੜਕੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਸੀ। ਇਸੇ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਵੈਨ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਗੋਮਤੀਨਗਰ ਦੇ ਵਿਸ਼ਾਲ ਬਲਾਕ ਇਲਾਕੇ 'ਚ ਇੱਕ ਸਕੂਲ ਵਿੱਚ ਕੰਮ ਕਰਨ ਵਾਲੀ ਔਰਤ ਦੀ 13 ਸਾਲਾ ਲੜਕੀ ਨੇ ਫਾਹੇ 'ਤੇ ਲਟਕ ਕੇ ਜਾਨ ਦੇ ਦਿੱਤੀ। ਮ੍ਰਿਤਕਾ ਦੀ ਮਾਂ ਦਾ ਦੋਸ਼ ਹੈ ਕਿ ਇਲਾਕੇ 'ਚ ਰਹਿਣ ਵਾਲਾ ਇੱਕ ਨਿੱਜੀ ਵੈਨ ਡਰਾਈਵਰ ਉਸ ਦੀ ਬੱਚੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮਾਂ ਦਾ ਇਹੀ ਕਹਿਣਾ ਸੀ ਕਿ ਸ਼ਰਮ ਕਾਰਨ ਉਸ ਦੀ ਬੱਚੇ ਨੇ ਸ਼ਿਕਾਇਤ ਕਰਨੀ ਬੰਦ ਕਰ ਦਿੱਤੀ ਸੀ।
ਜਾਣਕਾਰੀ ਅਨੁਸਾਰ ਇਹ ਪਰਿਵਾਰ ਰਾਏ ਬਰੇਲੀ ਦਾ ਵਸਨੀਕ ਹੈ। ਇਹ ਵਿਦਿਆਰਥਣ ਆਪਣੀ ਮਾਂ ਅਤੇ ਤਿੰਨ ਭੈਣ-ਭਰਾਵਾਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਤਿੰਨ ਸਾਲ ਪਹਿਲਾਂ ਇਹ ਪਰਿਵਾਰ ਲਖਨਊ ਆਇਆ ਸੀ। ਵਿਦਿਆਰਥਣ ਦਾ ਪਿਤਾ ਅਤੇ ਭਰਾ ਰਾਏ ਬਰੇਲੀ 'ਚ ਰਹਿੰਦੇ ਹਨ।
ਪੁਲਿਸ ਅਨੁਸਾਰ ਸ਼ੁੱਕਰਵਾਰ ਸਵੇਰੇ ਮਾਂ ਅਤੇ ਵੱਡੀ ਭੈਣ ਘਰ ਨਹੀਂ ਸਨ। ਘਰ 'ਚ ਵਿਦਿਆਰਖਣ ਦਾ ਇੱਕ ਛੋਟਾ ਭਰਾ ਅਤੇ ਇੱਕ ਤਿੰਨ ਸਾਲਾ ਭੈਣ ਸੀ। ਦੁਪਹਿਰ 12 ਵਜੇ ਗੁਆਂਢ 'ਚ ਰਹਿਣ ਵਾਲੀ ਔਰਤ ਘਰ ਪਹੁੰਚੀ ਤਾਂ ਵਿਦਿਆਰਥਣ ਨੂੰ ਫਾਹੇ 'ਤੇ ਲਟਕਦੇ ਵੇਖਿਆ। ਉਸ ਨੇ ਤੁਰੰਤ ਬੱਚੀ ਦੀ ਮਾਂ ਨੂੰ ਸੂਚਨਾ ਦਿੱਤੀ। ਪੁਲਿਸ ਮੁਤਾਬਿਕ ਮੁਲਜ਼ਮ ਵਿਰੁੱਧ ਪੋਕਸੋ ਐਕਟ ਦੇ ਨਾਲ-ਨਾਲ ਛੇੜਛਾੜ ਤੇ ਖੁਦਕੁਸ਼ੀ ਕਰਨ ਦੀ ਗੰਭੀਰ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।