ਜੇ ਇਹ ਆਖ ਲਿਆ ਜਾਵੇ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਨਾ ਦੀਆਂ ਅੱਖਾਂ ਮੌਤ ਤੋਂ ਨਹੀਂ ਹਾਰੀਆਂ, ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਦਰਅਸਲ, ‘ਦਿੱਲੀ ਦੇ ਸ਼ੇਰ` ਵਜੋਂ ਪ੍ਰਸਿੱਧ 82 ਸਾਲਾ ਸ੍ਰੀ ਮਦਨ ਲਾਲ ਖੁਰਾਨਾ ਦੀਆਂ ਅੱਖਾਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਮਰਨ ਉਪਰੰਤ ਦਾਨ ਕਰ ਦਿੱਤੀਆਂ ਗਈਆਂ ਹਨ।
ਪਰਿਵਾਰਕ ਮੈਂਬਰਾਂ ਨੇ ਦੁੱਖ ਦੇ ਬਾਵਜੁਦ ਡਾਕਟਰਾਂ ਨੁੰ ਸੱਦਿਆ ਤੇ ਮਰਹੂਮ ਆਗੂ ਦੀਆਂ ਦੀਆਂ ਅੱਖਾਂ ਦਾਨ ਕਰ ਦਿੱਤੀਆਂ। ਅੱਖਾਂ ‘ਦਧਿਚੀ ਸੰਸਥਾਨ` ਨੂੰ ਦਾਨ ਕੀਤੀਆਂ ਗਈਆਂ ਹਨ।
ਸ੍ਰੀ ਮਦਨ ਲਾਲ ਖੁਰਾਨਾ ਦਾ ਦੇਹਾਂਤ ਸਨਿੱਚਰਵਾਰ ਦੇਰ ਰਾਤੀਂ ਉਨ੍ਹਾਂ ਦੇ ਘਰ `ਚ ਹੀ ਹੋ ਗਿਆ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਰਾਜ ਖੁਰਾਨਾ, ਪੁੱਤਰ ਹਰੀਸ਼ ਖੰਨਾ ਤੇ ਧੀ ਪੂਨਮ ਗੁਲਾਟੀ ਛੱਡ ਗਏ ਸਨ। ਇਸੇ ਵਰ੍ਹੇ ਪਹਿਲਾਂ ਉਨ੍ਹਾਂ ਦੇ ਇੱਕ ਪੁੱਤਰ ਵਿਮਲ ਖੁਰਾਨਾ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ ਸੀ।
15 ਅਕਤੂਬਰ, 1936 ਨੂੰ ਪੰਜਾਬ ਦੇ ਲਾਇਲਪੁਰ (ਜਿਸ ਨੂੰ ਹੁਣ ਫ਼ੈਸਲਾਬਾਦ ਕਿਹਾ ਜਾਂਦਾ ਹੈ ਤੇ ਇਸ ਵੇਲੇ ਇਹ ਸ਼ਹਿਰ ਪਾਕਿਸਤਾਨ `ਚ ਹੈ) `ਚ ਜਨਮੇ ਸ੍ਰੀ ਮਦਨ ਲਾਲ ਖੁਰਾਨਾ ਲੰਮਾ ਸਮਾਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਰਹੇ। ਭਾਜਪਾ `ਚ ਉਹ ਕਈ ਅਹੁਦਿਆਂ `ਤੇ ਤਾਇਨਾਤ ਰਹੇ; ਜਿਨ੍ਹਾਂ ਵਿੱਚੋਂ ਕੌਮੀ ਮੀਤ ਪ੍ਰਧਾਨ ਦਾ ਅਹੁਦਾ ਵੀ ਸ਼ਾਮਲ ਸੀ। ਉਹ ਦੋ ਵਾਰ ਸੰਸਦ ਮੈਂਬਰ ਵੀ ਰਹੇ।
1947 `ਚ ਦੇਸ਼ ਦੀ ਵੰਡ ਵੇਲੇ ਮਦਨ ਲਾਲ ਖੁਰਾਨਾ ਨੂੰ ਆਪਣੇ ਪਰਿਵਾਰ ਨਾਲ ਹਿਜਰਤ ਕਰ ਕੇ ਦਿੱਲੀ ਆਉਣਾ ਪਿਆ ਸੀ। 1959 `ਚ ਅਲਾਹਾਬਾਦ ਯੂਨੀਵਰਸਿਟੀ `ਚ ‘ਇਕਨੌਮਿਕਸ` (ਅਰਥ ਸ਼ਾਸਤਰ) ਦੀ ਪੋਸਟ-ਗ੍ਰੇਜੂਏਸ਼ਨ ਕਰਦੇ ਸਮੇਂ ਉਹ ਅਲਾਹਾਬਾਦ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਬਣੇ ਸਨ ਤੇ ਉਸ ਤੋਂ ਬਾਅਦ ਹੀ ਉਹ ਸਿਆਸਤ `ਚ ਆ ਗਏ ਸਨ।
ਸ੍ਰੀ ਖੁਰਾਨਾ ਦੀ ਸਿਆਸੀ ਸ਼ੁਰੂਆਤ ਜਨ ਸਿੰਘ ਤੋਂ ਹੋਈ ਸੀ; ਜਿਸ ਦੀ ਦਿੱਲੀ ਇਕਾਈ ਦੇ ਉਹ 1965 `ਚ ਸਕੱਤਰ ਬਣੇ ਸਨ। ਉਹ ਇਸ ਅਹੁਦੇ `ਤੇ 1967 ਤੱਕ ਕਾਇਮ ਰਹੇ ਸਨ।
ਇਹ ਮਦਨ ਲਾਲ ਖੁਰਾਨਾ ਹੀ ਸਨ, ਜਿਨ੍ਹਾਂ ਨੇ ਵਿਜੇ ਕੁਮਾਰ ਮਲਹੋਤਰਾ, ਕੇਦਾਰ ਨਾਥ ਸਾਹਨੀ ਤੇ ਕੰਵਰ ਲਾਲ ਗੁਪਤਾ ਨਾਲ ਮਿਲ ਕੇ ਭਾਰਤੀ ਜਨ ਸੰਘ ਦੀ ਦਿੱਲੀ ਇਕਾਈ ਦੀ ਸਥਾਪਨਾ ਕੀਤੀ ਸੀ।
ਇਹੋ ਜਨ ਸੰਘ 1980 `ਚ ਭਾਰਤੀ ਜਨਤਾ ਪਾਰਟੀ `ਚ ਤਬਦੀਲ ਹੋ ਗਿਆ ਸੀ ਪਰ 1984 ਦੀਆਂ ਚੋਣਾਂ `ਚ ਇਸ ਨੁੰ ਹਾਰ ਦਾ ਮੂੰਹ ਵੇਖਣਾ ਪਿਆ ਪਰ ਸ੍ਰੀ ਮਦਨ ਲਾਲ ਖੁਰਾਨਾ ਦੀ ਆਪਣੀ ਪਾਰਟੀ `ਚ ਪੂਰੀ ਚੜ੍ਹਤ ਬਣੀ ਰਹੀ ਕਿਉਂਕਿ ਉਹ ਕੰਮ ਬਹੁਤ ਕਰਦੇ ਸਨ। ਉਹ ਦੋ ਵਾਰ ਦਿੱਲੀ ਦੇ ਕੌਂਸਲਰ ਵੀ ਚੁਣੇ ਗਏ ਸਨ। 1993 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨੇ ਜਿੱਤੀਆਂ ਤੇ ਤਦ ਸ੍ਰੀ ਖੁਰਾਨਾ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ। ਉਹ 1993 ਤੋਂ 1996 ਤੱਕ ਮੁੱਖ ਮੰਤਰੀ ਦੇ ਅਹੁਦੇ `ਤੇ ਰਹੇ।
ਉਸ ਤੋਂ ਪਹਿਲਾਂ 1989 `ਚ ਉਨ੍ਹਾਂ ਦਿੱਲੀ ਤੋਂ ਐੱਮਪੀ ਦੀ ਚੋਣ ਵੀ ਜਿੱਤੀ ਸੀ। ਉਹ 1991, 1998 ਅਤੇ 1999 `ਚ ਫਿਰ ਐੱਮਪੀ ਚੁਣੇ ਗਏ ਸਨ।
ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵਜ਼ਾਰਤ `ਚ ਸ੍ਰੀ ਖੁਰਾਨਾ ਨੂੰ ਸੰਸਦੀ ਮਾਮਲਿਆਂ ਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਸੀ। ਉਹ 1999 ਭਾਵ ਸਰਕਾਰ ਭੰਗ ਹੋਣ ਤੱਕ ਇਸ ਅਹੁਦੇ `ਤੇ ਰਹੇ ਸਨ।
ਸਾਲ 2003 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
2004 `ਚ, ਸ੍ਰੀ ਮਦਨ ਲਾਲ ਖੁਰਾਨਾ ਰਾਜਸਥਾਨ ਦੇ ਰਾਜਪਾਲ ਬਣੇ ਤੇ ਉਹ ਜਨਵਰੀ ਤੋਂ ਨਵੰਬਰ ਤੱਕ ਇਸ ਅਹੁਦੇ `ਤੇ ਰਹੇ।