ਜਨਤਕ ਖੇਤਰ ਦੀ ਕੰਪਨੀ ‘ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ’ (HAL) ਭਾਰਤ ’ਚ ਬਣੇ ਹਲਕੇ ਜੰਗੀ ਹਵਾਈ ਜਹਾਜ਼ ਤੇਜਸ ਤੇ ਫ਼ੌਜੀ ਹੈਲੀਕਾਪਟਰ ਹੋਰਨਾਂ ਦੇਸ਼ਾਂ ਨੂੰ ਵੇਚਣ ਲਈ ਮਲੇਸ਼ੀਆ, ਵੀਅਤਨਾਮ, ਇੰਡੋਨੇਸ਼ੀਆ ਤੇ ਸ੍ਰੀਲੰਕਾ ਜਿਹੇ ਦੇਸ਼ਾਂ ਤੱਕ ਪਹੁੰਚ ਕਰ ਰਹੀ ਹੈ। ਇਨ੍ਹਾਂ ਦੇਸ਼ਾਂ ਵਿੱਚ ਹੁਣ ਲੌਜਿਸਟਿਕਸ ਆਧਾਰ ਤਿਆਰ ਕਰਨ ਦੀਆਂ ਸੰਭਾਵਨਾਵਾਂ ਲੱਭੀਆਂ ਜਾ ਰਹੀਆਂ ਹਨ।
HAL ਦੇ ਮੁਖੀ ਤੇ ਮੈਨੇਜਿੰਗ ਡਾਇਰੈਕਟਰ ਆਰ. ਮਾਧਵਨ ਨੇ ਕਿਹਾ ਕਿ HAL ਚਾਰ ਦੇਸ਼ਾਂ ਵਿੱਚ ਲੌਜਿਸਟਿਕਸ ਬੇਸ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ ਕਿਉਂਕਿ ਇਹ ਦੇਸ਼ ਰੂਸੀ ਮੂਲ ਦੇ ਕਈ ਫ਼ੌਜੀ ਹਵਾਈ ਜਹਾਜ਼ ਤੇ ਹੈਲੀਕਾਪਟਰ ਵਰਤਦੇ ਹਨ; ਜਿਨ੍ਹਾਂ ਦੀ ਸੇਵਾ–ਸਮਰੱਥਾ ‘ਬਹੁਤ ਖ਼ਰਾਬ’ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਤਰਜੀਹਾਂ ਮੁਤਾਬਕ HAL ਹੁਣ ਗੰਭੀਰਤਾ ਨਾਲ ਬਰਾਮਦ ਨੂੰ ਹੱਲਾਸ਼ੇਰੀ ਦੇਣ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਤੇ ਤੇਜਸ, ਰੁਦਰ ਹੈਲੀਕਾਪਟਰ ਤੇ ਹੋਰ ਐਡਵਾਂਸਡ ਧਰੁਵ ਜਿਹੇ ਪਲੇਟਫ਼ਾਰਮਾਂ ਨੂੰ ਵੇਚਣ ਲਈ ਦੱਖਣ–ਪੂਰਬੀ ਏਸ਼ੀਆ, ਪੱਛਮੀ ਏਸ਼ੀਆ ਤੇ ਉੱਤਰੀ ਅਫ਼ਰੀਕੀ ਦੇਸ਼ਾਂ ਦੀ ਸ਼ਨਾਖ਼ਤ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਰੱਖਿਆ ਬਰਾਮਦ ਲਈ ਅਗਲੇ ਪੰਜ ਸਾਲਾਂ ’ਚ ਪੰਜ ਅਰਬ ਡਾਲਰ ਦਾ ਇੱਕ ਉਦੇਸ਼ਮੁਖੀ ਟੀਚਾ ਤੈਅ ਕੀਤਾ ਸੀ ਤੇ ਸਾਰੇ ਫ਼ੌਜੀ ਨਿਰਮਾਤਾਵਾਂ ਨੂੰ ਇਹ ਟੀਚਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਆਖਿਆ ਗਿਆ ੀਸ।
ਉਨ੍ਹਾਂ ਪੀਟੀਆਈ–ਭਾਸ਼ਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਮਲੇਸ਼ੀਆ, ਵੀਅਤਨਾਮ, ਇੰਡੋਨੇਸ਼ੀਆ, ਸ੍ਰੀਲੰਕਾ ’ਚ ਰੱਖ–ਰਖਾਅ ਦੀਆਂ ਸਹੂਲਤਾਂ ਦੀ ਸਥਾਪਨਾ ਕਰ ਰਹੇ ਹਾਂ। ਅਸੀਂ ਉਨ੍ਹਾਂ ਦੀ ਬਹੁਤ ਮਦਦ ਕਰ ਸਕਦੇ ਹਾਂ ਕਿਉਂਕਿ ਉਹ ਦੇਸ਼ ਕਈ ਅਜਿਹੇ ਪਲੇਟਫ਼ਾਰਮਾਂ ਦਾ ਉਪਯੋਗ ਕਰਦੇ ਹਨ, ਜੋ ਭਾਰਤ ਵਰਗੇ ਹੀ ਹਨ ਤੇ ਜਿਨ੍ਹਾਂ ਦੀ ਸੇਵਾ–ਸਮਰੱਥਾ ਬਹੁਤ ਖ਼ਰਾਬ ਹੈ।
ਉਨ੍ਹਾਂ ਦੱਸਿਆ ਕਿ ਪੱਛਮੀ ਏਸ਼ੀਆ ਦੇ ਕਈ ਦੇਸ਼ ਹੁਣ HAL ਦੇ ਪ੍ਰੁਮੁੱਖ ਉਤਪਾਦਾਂ ਦੀ ਸੰਭਾਵੀ ਖ਼ਰੀਦ ਲਈ ਉਸ ਦੇ ਸੰਪਰਕ ’ਚ ਹਨ।