ਮੱਧ ਪ੍ਰਦੇਸ਼ ਦੇ ਵੋਟਰਾਂ ਨੂੰ ਲੁਭਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਦੀ ਸ਼ੁਰੂ ਕੀਤੀ ਜਨ ਆਸ਼ੀਰਵਾਦ ਯਾਤਰਾ ਵੀਰਵਾਰ ਨੂੰ ਅਚਾਨਕ ਅੱਧ `ਚ ਖਤਮ ਕੀਤੇ ਜਾਣ `ਤੇ ਕਈ ਸਵਾਲ ਉਠ ਰਹੇ ਹਨ। ਕਾਂਗਰਸ ਚੁਟਕੀ ਲੈ ਰਹੀ ਹੈ ਕਿ ਜਦੋਂ ਭੀੜ ਹੀ ਨਹੀਂ ਇਕੱਠੀ ਹੋ ਰਹੀ ਤਾਂ ਯਾਤਰਾ ਕੱਢਕੇ ਕੀ ਕਰਦੇ?
ਭਾਜਪਾ ਨੇ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਚੇਹਰੇ ਸਿ਼ਵਰਾਜ ਰਾਹੀਂ ਆਮ ਜਨਤਾ ਤੱਕ ਪਹੁੰਚਣ ਲਈ ਚੋਣ ਜਬਤਾ ਲਾਗੂ ਹੋਣ ਤੋਂ ਪਹਿਲਾਂ ਸਿ਼ਵਰਾਜ ਦੀ ਜਨ ਆਸ਼ੀਰਵਾਦ ਯਾਤਰਾ ਸ਼ੁਰੂ ਕੀਤੀ ਸੀ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਇਸ ਯਾਤਰਾ ਨੂੰ ਸੂਬੇ ਦੇ 230 ਵਿਧਾਨ ਸਭਾ ਖੇਤਰਾਂ ਤੱਕ ਪਹੰੁਚਾਉਣੀ ਸੀ, ਪ੍ਰੰਤੂ ਇਹ ਯਾਤਰਾ ਵੀਰਵਾਰ ਨੂੰ 187 ਵਿਧਾਨ ਸਭਾ ਖੇਤਰ ਤੱਕ ਹੀ ਪਹੁੰਚੀ।
ਸੂਬੇ ਦੇ ਚੋਣ ਪ੍ਰਭਾਰੀ ਬਣਾਏ ਗਏ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੀਰਵਾਰ ਨੂੰ ਅਚਾਨਕ ਇਸ ਯਾਤਰਾ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। ਪਾਰਟੀ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਚੋਣ ਜਬਤਾ ਲੱਗ ਚੁੱਕਿਆ ਹੈ, ਸਿ਼ਵਰਾਜ ਪ੍ਰਚਾਰ ਦੇ ਸਮੇਂ ਬਾਕੀ ਰਹਿੰਦੇ ਵਿਧਾਨ ਸਭਾ ਖੇਤਰਾਂ `ਚ ਜਾਣਗੇ।
ਜਦੋਂ ਧਰਮੇਂਦਰ ਪ੍ਰਧਾਨ ਨੇ ਯਾਤਰਾ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਤਾਂ ਉਸਦੇ ਬਾਅਦ ਸਿ਼ਵਰਾਜ ਜਬਲਪੁਰ `ਚ ਆਖਰੀ ਸਭਾ ਕੀਤੇ ਬਿਨਾਂ ਹੀ ਭੋਪਾਲ ਵਾਪਸ ਚਲੇ ਗਏ।
ਮੁੱਖ ਮੰਤਰੀ ਸਿ਼ਵਰਾਜ ਨੇ 14 ਜੁਲਾਈ ਨੂੰ ਜਨ ਆਸ਼ੀਰਵਾਦ ਯਾਤਰਾ ਸ਼ੁਰੂ ਕੀਤੀ ਸੀ। ਇਸ ਯਾਤਰਾ ਨੂੰ 45 ਦਿਨ `ਚ ਸੂਬੇ ਦੇ ਸਾਰੇ 230 ਵਿਧਾਨ ਸਭਾ ਖੇਤਰਾਂ `ਚ ਪਹੁੰਚਣਾ ਸੀ। ਯਾਤਰਾ ਤੈਅ ਸਮਾਂ ਸੀਮਾ ਨੁੰ ਪਾਰ ਕਰ ਚੁੱਕਿਆ ਸੀ, 25 ਅਕਤੂਬਰ ਤੱਕ ਉਹ 187 ਵਿਧਾਨ ਸਭਾ ਖੇਤਰਾਂ ਤੱਕ ਹੀ ਪਹੁੰਚ ਸਕੀ। ਅਜੇ 43 ਵਿਧਾਨ ਸਭਾ ਖੇਤਰ ਅਜਿਹੇ ਸਨ, ਜਿੱਥੇ ਯਾਤਰਾ ਪਹੁੰਚਣੀ ਸੀ, ਪ੍ਰੰਤੂ ਪਾਰਟੀ ਨੇ ਅਚਾਨਕ ਖਤਮ ਕਰਨ ਦਾ ਐਲਾਨ ਕਰ ਦਿੱਤਾ।
ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਗਵਾਲੀਅਰ `ਚ ਯਾਤਰਾ ਦੌਰਾਨ ਕਥਿਤ ਤੌਰ `ਤੇ ਭੀੜ ਨਾ ਇਕੱਠੀ ਹੋਣ, ਕਈ ਥਾਵਾਂ `ਤੇ ਵਿਰੋਧ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਾਰਟੀ `ਚ ਮਥਨ ਚਲ ਰਿਹਾ ਸੀ। ਪਾਰਟੀ `ਚ ਵੀ ਆਵਾਜ਼ ਉਠੀ ਕਿ ਸਿ਼ਵਰਾਜ ਦੀ ਯਾਤਰਾ ਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਣਾ ਚਾਹੀਦਾ, ਕਿਉਂਕਿ ਵਿਰੋਧ ਵਧਿਆ ਤਾਂ ਪਾਰਟੀ ਲਈ ਨਵੀਂ ਸਿਰਦਰਦੀ ਬਣ ਜਾਵੇਗੀ। ਇਸ ਲਈ ਯਾਤਰਾ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ।