ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਘਰ 'ਚ ਰੱਖੀ ਬੀਅਰ ਦੇ ਭੁਲੇਖੇ ਤੇਜ਼ਾਬ ਪੀ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਮ੍ਰਿਤਕ ਨਸ਼ਾ 'ਚ ਸੀ ਜਾਂ ਨਹੀਂ।
ਮ੍ਰਿਤਕ ਦੀ ਪਛਾਣ 50 ਸਾਲਾ ਸੁਰੇਸ਼ ਸਾਜਲਕਰ ਵਜੋਂ ਹੋਈ ਹੈ। ਇਹ ਮਾਮਲਾ ਭੋਪਾਲ ਦੇ ਟੀਟੀ ਨਗਰ ਥਾਣਾ ਖੇਤਰ ਨਾਲ ਸਬੰਧਤ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਇਲਾਕੇ ਦੇ ਥਾਣਾ ਮੁਖੀ ਸੰਜੀਵ ਚੌਕਸੀ ਨੇ ਦੱਸਿਆ ਕਿ ਟੀਟੀ ਨਗਰ ਥਾਣਾ ਖੇਤਰ ਵਿੱਚ ਚੱਕੀ ਚੌਰਾਹੇ 'ਤੇ ਰਹਿਣ ਵਾਲੇ ਸੁਰੇਸ਼ ਸਾਜਲਕਰ ਨੇ ਬੀਤੀ 13 ਅਪ੍ਰੈਲ ਨੂੰ ਘਰ ਵਿੱਚ ਬੀਅਰ ਦੀ ਬੋਤਲ 'ਚ ਰੱਖਿਆ ਤੇਜ਼ਾਬ ਪੀ ਲਿਆ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਸਕਿਆ ਅਤੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।
ਐਸਐਚਓ ਸੰਜੀਵ ਚੌਕਸੀ ਨੇ ਦੱਸਿਆ ਕਿ ਮ੍ਰਿਤਕ ਦਾ ਬਿਆਨ ਨਹੀਂ ਹੋ ਸਕਿਆ ਅਤੇ ਉਸ ਦੇ ਪਰਿਵਾਰ ਤੋਂ ਫਿਲਹਾਲ ਪੁੱਛਗਿੱਛ ਨਹੀਂ ਕੀਤੀ ਜਾ ਸਕੀ ਹੈ। ਇਸ ਲਈ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਮ੍ਰਿਤਕ ਨਸ਼ੇ 'ਚ ਸੀ ਜਾਂ ਨਹੀਂ।