ਕਾਂਗਰਸੀ ਆਗੂ ਨਾਨਾ ਪਟੋਲੇ ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਪ੍ਰਧਾਨ ਬਣ ਗਏ ਹਨ, ਕਿਉਂਕਿ ਭਾਜਪਾ ਉਮੀਦਵਾਰ ਕਿਸ਼ਨ ਕਥੋਰੇ ਨੇ ਐਤਵਾਰ ਨੂੰ ਆਪਣਾ ਨਾਂ ਵਾਪਸ ਲੈ ਲਿਆ। ਨਾਮ਼ਜ਼ਗਦੀ ਕਾਗਜ ਵਾਪਸ ਲੈਣ ਦੀ ਮਿਆਦ ਐਤਵਾਰ ਸਵੇਰੇ 10 ਵਜੇ ਤੱਕ ਸੀ।
ਕਾਂਗਰਸ ਨੇ ਸੂਬਾ ਵਿਧਾਨ ਸਭਾ ਪ੍ਰਧਾਨ ਅਹੁਦੇ ਲਈ ਸੱਤਾਧਿਰ ਸ਼ਿਵਸੈਨਾ-ਕਾਂਗਰਸ-ਰਾਕਾਂਪਾ ਗਠਜੋੜ ਦੇ ਉਮੀਦਵਾਰ ਵਜੋਂ ਪਾਰਟੀ ਵਿਧਾਇਕ ਨਾਨਾ ਪਟੋਲੇ ਦੇ ਨਾਂ ਦਾ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਸੀ, ਜਦਕਿ ਭਾਜਪਾ ਨੇ ਕਥੋਰੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਪਟੋਲੇ ਵਿਦਰਭ 'ਚ ਸਾਕੋਲੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਜਦਕਿ ਕਥੋਰੇ ਠਾਣੇ 'ਚ ਮੁਰਬਾਡ ਤੋਂ ਵਿਧਾਇਕ ਹਨ। ਇਹ ਦੋਹਾਂ ਆਗੂਆਂ ਦਾ ਵਿਧਾਇਕ ਵਜੋਂ ਚੌਥਾ ਕਾਰਜਕਾਲ ਹੈ।
The #MahaVikasAghadi candidate & Congress leader Nana Patole has been elected as Maharashtra Assembly Speaker. pic.twitter.com/SAgE24kR0C
— ANI (@ANI) December 1, 2019
ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਦੱਸਿਆ ਕਿ ਭਾਜਪਾ ਨੇ ਸ਼ਨਿੱਚਰਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਪ੍ਰਧਾਨ ਅਹੁਦੇ ਲਈ ਕਿਸ਼ਨ ਕਥੋਰੇ ਨੂੰ ਨਾਮਜ਼ਦ ਕੀਤੀ ਸੀ। ਪਰ ਸਰਕਾਰ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਕਥੋਰੇ ਦੀ ਉਮੀਦਵਾਰੀ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ।
ਉੱਧਰ ਮਹਾਰਾਸ਼ਟਰ ਵਿਧਾਨ ਸਭਾ ਪ੍ਰਧਾਨ ਦੀ ਚੋਣ 'ਚ ਐਨਸੀਪੀ ਦੇ ਛਗਨ ਭੁਜਬਲ ਨੇ ਕਿਹਾ ਕਿ ਵਿਧਾਨ ਸਭਾ ਪ੍ਰਧਾਨ ਅਹੁਦੇ ਲਈ ਵਿਰੋਧੀ ਧਿਰ ਨੇ ਵੀ ਨਾਮਜ਼ਦਗੀ ਕਾਗਜ ਭਰੇ ਸਨ ਪਰ ਹੋਰ ਵਿਧਾਇਕਾਂ ਦੀ ਅਪੀਲ ਅਤੇ ਵਿਧਾਨ ਸਭਾ ਦੇ ਮਾਣ ਨੂੰ ਬਣਾਈ ਰੱਖਣ ਲਈ ਉਨ੍ਹਾਂ ਨੇ ਨਾਂ ਵਾਪਸ ਲੈ ਲਿਆ।
ਊਧਵ ਠਾਕਰੇ ਸਰਕਾਰ ਨੂੰ ਮਿਲੀ 169 ਵਿਧਾਇਕਾਂ ਦੀ ਹਮਾਇਤ, ਜਿੱਤਿਆ ਭਰੋਸੇ ਦਾ ਵੋਟ
ਜ਼ਿਕਰਯੋਗ ਹੈ ਕਿ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਵਿਕਾਸ ਅਘਾੜੀ ਸਰਕਾਰ ਨੇ ਸ਼ਨਿੱਚਰਵਾਰ ਨੂੰ ਸੂਬਾ ਵਿਧਾਨ ਸਭਾ 'ਚ ਬਹੁਮੱਤ ਪ੍ਰਾਪਤ ਕੀਤਾ ਸੀ। ਕੁੱਲ 288 ਮੈਂਬਰਾਂ ਵਾਲੇ ਸਦਨ 'ਚ ਗਠਜੋੜ ਦੇ ਪੱਖ 'ਚ ਕੁੱਲ 169 ਵਿਧਾਇਕਾਂ ਨੇ ਵੋਟਿੰਗ ਕੀਤੀ ਸੀ।