ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਊਧਵ ਠਾਕਰੇ ਦੇ ਬੇਟੇ ਅਦਿੱਤਿਆ ਠਾਕਰੇ ਵੀ ਮੌਜੂਦ ਸਨ। ਮਹਾਰਾਸ਼ਟਰ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਊਧਵ ਦਾ ਇਹ ਪਹਿਲਾ ਦਿੱਲੀ ਦੌਰਾ ਹੈ।
ਊਧਵ ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਹੋਈ ਬੈਠਕ 'ਚ ਸੀਏਏ, ਐਨਆਰਸੀ ਅਤੇ ਐਨਪੀਆਰ 'ਤੇ ਵੀ ਵਿਚਾਰ-ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸੀਏਏ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਕਿਸੇ ਨੂੰ ਵੀ ਦੇਸ਼ ਤੋਂ ਬਾਹਰ ਨਹੀਂ ਕੱਢੇਗਾ। ਇਸ ਤੋਂ ਇਲਾਵਾ ਸੀਏਏ ਤੋਂ ਕਿਸੇ ਦੀ ਵੀ ਨਾਗਰਿਕਤਾ ਨਹੀਂ ਖੋਹੀ ਜਾਵੇਗੀ। ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਸਰਕਾਰ ਨੂੰ ਹਰ ਤਰ੍ਹਾਂ ਦੇ ਸਮਰਥਨ ਦਾ ਵਾਅਦਾ ਕੀਤਾ ਹੈ।
Maharashtra Chief Minister Uddhav Thackeray: This law (CAA) is not to take away citizenship from anyone. However, this law is about giving citizenship to the minorities of the neighboring countries. https://t.co/XlQk8FbrAW
— ANI (@ANI) February 21, 2020
ਮੋਦੀ ਨਾਲ ਮੁਲਾਕਾਤ ਤੋਂ ਬਾਅਦ ਊਧਵ ਠਾਕਰੇ ਨੇ ਦਿੱਲੀ 'ਚ ਸ਼ਿਵਸੈਨਾ ਆਗੂ ਸੰਜੇ ਰਾਊਤ ਦੀ ਸਰਕਾਰੀ ਰਿਹਾਇਸ਼ 'ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਤ ਕੀਤਾ। ਊਧਵ ਠਾਕਰੇ ਇਸ ਸਮੇਂ ਆਪਣੇ ਦਿੱਲੀ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਉਹ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ ਵੀ ਮੁਲਾਕਾਤ ਕਰਨਗੇ। ਊਧਵ ਠਾਕਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ।
ਦੱਸ ਦਈਏ ਕਿ ਅਦਿੱਤਿਆ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਵੀ ਹਨ। ਊਧਵ ਠਾਕਰੇ ਨੇ ਪਿਛਲੇ ਸਾਲ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੂੰ ਸਰਬਸੰਮਤੀ ਨਾਲ ਤਿੰਨਾਂ ਪਾਰਟੀਆਂ ਮਹਾ ਵਿਕਾਸ ਅਘਾੜੀ ਦਾ ਨੇਤਾ ਚੁਣਿਆ ਗਿਆ ਸੀ। ਮਹਾ ਵਿਕਾਸ ਅਘਾੜੀ 'ਚ ਸ਼ਿਵ ਸੈਨਾ, ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਗੱਠਜੋੜ ਹੈ।
ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਸ਼ਿਵ ਸੈਨਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਬੰਧ ਤੋੜ ਕੇ ਆਪਣੀ ਵਿਰੋਧੀ ਐਨਸੀਪੀ ਅਤੇ ਕਾਂਗਰਸ ਨਾਲ ਗਠਜੋੜ ਕੀਤਾ ਸੀ। ਮਹਾਰਾਸ਼ਟਰ 'ਚ ਪਿਛਲੇ ਸਾਲ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਪਰ ਕਾਫ਼ੀ ਜੱਦੋਜਹਿਦ ਤੋਂ ਬਾਅਦ ਨਵੰਬਰ 'ਚ ਸਰਕਾਰ ਬਣੀ ਸੀ।