ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਦੀ ਅਗਵਾਈ ਹੇਠਲੀ ਸਰਕਾਰ ਅੱਜ ਸਨਿੱਚਰਵਾਰ ਬਾਅਦ ਦੁਪਹਿਰ 2 ਵਜੇ ਵਿਧਾਨ ਸਭਾ ’ਚ ਬਹੁਮੱਤ ਸਿੱਧ ਕਰੇਗੀ। ਇਸ ਲਈ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਦੋ–ਦਿਨਾ ਸੈਸ਼ਨ ਸੱਦਿਆ ਗਿਆ ਹੈ। ਸ੍ਰੀ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ, ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਅਤੇ ਕਾਂਗਰਸ ਨੇ ਆਪਣੇ ‘ਮਹਾਰਾਸ਼ਟਰ ਵਿਕਾਸ ਅਘਾੜੀ’ (MVA) ਨਾਂਅ ਗੱਠਜੋੜ ਨਾਲ ਸਰਕਾਰ ਕਾਇਮ ਕੀਤੀ ਹੈ।
NCP ਆਗੂ ਅਤੇ ਸਾਬਕਾ ਸਪੀਕਰ ਦਲੀਪ ਵਾਲਸੇ ਪਾਟਿਲ ਨੂੰ ਸ਼ੁੱਕਰਵਾਰ ਨੂੰ ਪ੍ਰੋ–ਟੈਮ ਸਪੀਕਰ ਬਣਾਇਆ ਗਿਆ ਸੀ ਤੇ ਉਨ੍ਹਾਂ ਭਾਜਪਾ ਆਗੂ ਕਾਲੀਦਾਸ ਕੋਲਾਂਬਕਰ ਦੀ ਥਾਂ ਲਈ ਹੈ, ਜਿਨ੍ਹਾਂ ਨੂੰ ਢਾਈ ਦਿਨ ਚੱਲ ਦੇਵੇਂਦਰ ਫੜਨਵੀਸ ਸਰਕਾਰ ਦੀ ਸਿਫ਼ਾਰਸ਼ ਉੱਤੇ ਪ੍ਰੋ–ਟੈਮ ਸਪੀਕਰ ਨਿਯੁਕਤ ਕੀਤਾ ਗਿਆ ਸੀ। ਇਸ ਥੋੜ੍ਹ–ਚਿਰੀ ਸਰਕਾਰ ਨੇ 23 ਨਵੰਬਰ ਨੂੰ ਸਹੁੰ ਚੁੱਕੀ ਸੀ।
ਅੰਬੇਗਾਓਂ ਹਲਕੇ ਤੋਂ ਵਿਧਾਇਕ ਸ੍ਰੀ ਦਲੀਪ ਵਾਲਸੇ ਪਾਟਿਲ ਸੱਤਵੀਂ ਵਾਰ ਚੁਣੇ ਗਏ ਹਨ। ਭਲਕੇ ਐਤਵਾਰ ਨੂੰ ਸਪੀਕਰ ਦੀ ਚੋਣ ਹੋਵੇਗੀ। ਉਸ ਤੋਂ ਬਾਅਦ ਮਹਾਰਾਸ਼ਟਰ ਦੇ ਰਾਜਪਾਲ ਸ੍ਰੀ ਭਗਤ ਸਿੰਘ ਕੋਸ਼ਿਆਰੀ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਭਲਕੇ ਪਹਿਲੀ ਦਸੰਬਰ ਨੂੰ ਹੀ ਵਿਰੋਧੀ ਧਿਰ ਦੇ ਆਗੂ ਦੀ ਚੋਣ ਵੀ ਹੋਵੇਗੀ।
ਸਪੀਕਰ ਦੇ ਅਹੁਦੇ ਲਈ ਅਰਜ਼ੀਆਂ ਅੱਜ ਦੁਪਹਿਰ ਤੱਕ ਜਮ੍ਹਾ ਕਰਵਾਉਣੀਆਂ ਹੋਣਗੀਆਂ। ਗੱਠਜੋੜ ਵਾਲੀਆਂ ਤਿੰਨੇ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਮੁਤਾਬਕ ਸਪੀਕਰ ਕਾਂਗਰਸ ਦਾ ਹੀ ਕੋਈ ਮੈਂਬਰ ਹੋਵੇਗਾ। ਸ੍ਰੀ ਅਜੀਤ ਪਵਾਰ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੱਠਜੋੜ ਦੇ ਸਮਝੋਤੇ ਮੁਤਾਬਕ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ, ਡਿਪਟੀ ਸਪੀਕਰ ਦਾ ਅਹੁਦਾ NCP ਕੋਲ ਰਹੇਗਾ ਤੇ ਸਪੀਕਰ ਕਾਂਗਰਸ ਦਾ ਹੋਵੇਗਾ।
ਸ੍ਰੀ ਪਵਾਰ ਨੇ ਕਿਹਾ ਕਿ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਬਾਰੇ ਫ਼ੈਸਲਾ NCP ਵੱਲੋਂ ਕੀਤੇ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਚੇਤੇ ਰਹੇ ਕਿ ਰਾਜਪਾਲ ਨੇ ਸ੍ਰੀ ਠਾਕਰੇ ਨੂੰ 3 ਦਸੰਬਰ ਤੱਕ ਆਪਣਾ ਬਹੁਮੱਤ ਸਿੱਧ ਕਰਨ ਲਈ ਕਿਹਾ ਸੀ। ਉਂਝ ਕਾਂਗਰਸ, ਸ਼ਿਵ ਸੈਨਾ ਅਤੇ NCP ਦਾ ਗੱਠਜੋੜ 166 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਕਰਨ ਦਾ ਦਾਅਵਾ ਕਰ ਰਿਹਾ ਹੈ। ਇਨ੍ਹਾਂ ਤਿੰਨੇ ਪਾਰਟੀਆਂ ਵੱਲੋਂ ਆਪਣੇ ਵਿਧਾਇਕਾਂ ਨੂੰ ਅੱਜ ਸਦਨ ’ਚ ਹਾਜ਼ਰ ਰਹਿਣ ਲਈ ਇੱਕ ਵ੍ਹਿਪ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਅੱਜ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਕਾਂਗਰਸ ਦੇ ਵਿਧਾਇਕ ਪ੍ਰਿਥਵੀਰਾਜ ਚਵਾਨ ਸਦਨ ਸਾਹਵੇਂ ਰੱਖਣਗੇ। NCP ਦੇ ਵਿਧਾਇਕ ਧਨੰਜੇ ਮੁੰਡੇ ਅਤੇ ਸ਼ਿਵ ਸੈਨਾ ਦੇ ਵਿਧਾਇਕ ਸ੍ਰੀ ਸੁਨੀਲ ਪ੍ਰਭੂ ਵੀ ਉਸ ਵੇਲੇ ਉਨ੍ਹਾਂ ਦੇ ਨਾਲ ਹੋਣਗੇ। ਇਕੱਲੇ–ਇਕੱਲੇ ਵਿਧਾਇਕ ਦੀ ਗਿਣਤੀ ਕਰਨ ਤੋਂ ਬਾਅਦ ਹੀ ਫ਼ੈਸਲਾ ਹੋਵੇਗਾ, ਜ਼ੁਬਾਨੀ ਵੋਟ ਨਾਲ ਇਹ ਫ਼ੈਸਲਾ ਨਹੀਂ ਹੋਵੇਗਾ।
ਕੈਬਿਨੇਟ ਦਾ ਵਿਸਥਾਰ 3 ਦਸੰਬਰ ਨੂੰ ਕੀਤਾ ਜਾਵੇਗਾ।
ਚੇਤੇ ਰਹੇ ਕਿ ਬੀਤੇ ਸਨਿੱਚਰਵਾਰ ਨੂੰ NCP ਆਗੂ ਸ੍ਰੀ ਅਜੀਤ ਪਵਾਰ ਨੇ ਬਹੁਤ ਹੀ ਹੈਰਾਨੀਜਨਕ ਢੰਗ ਨਾਲ ਭਾਜਪਾ ਨਾਲ ਹੱਥ ਮਿਲਾ ਲਿਆ ਸੀ ਤੇ ਤਦ ਸ੍ਰੀ ਪਵਾਰ ਇਹ ਆਖ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਤਦ ਉਨ੍ਹਾਂ ਨੂੰ ਉੱਪ–ਮੁੰਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ।
ਪਰ ਜਦੋਂ ਸੁਪਰੀਮ ਕੋਰਟ ਨੇ ਭਾਜਪਾ–NCP ਸਰਕਾਰ ਨੂੰ ਸਦਨ ’ਚ ਆਪਣਾ ਬਹੁਮੱਤ ਸਿੱਧ ਕਰਨ ਲਈ ਆਖਿਆ ਸੀ, ਤਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸ੍ਰੀ ਅਜੀਤ ਪਵਾਰ ਦੋਵਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਪਹਿਲਾਂ ਸ੍ਰੀ ਪਵਾਰ ਨੇ ਦਿੱਤਾ ਸੀ।