ਸ਼੍ਰੀਨਗਰ ਦੇ ਇੱਕ ਹੋਟਲ ਚ ਮਈ ਚ ਇੱਕ ਸਥਾਨਕ ਔਰਤ ਨਾਲ ਦੇਖੇ ਜਾਣ ਮਗਰੋਂ ਪੁਲਿਸ ਦੁਆਰਾ ਹਿਰਾਸਤ ਚ ਲਏ ਗਏ ਮੇਜਰ ਲੀਤੁਲ ਗੋਗੋਈ ਨੂੰ ਕੋਰਟ ਆਫ਼ ਇਨਕੁਆਇਰੀ ਚ ਇੱਕ ਸਥਾਨਕ ਨਿਵਾਸੀ ਨਾਲ ਦੋਸਤੀ ਕਰਨ ਅਤੇ ਇੱਕ ਮੁਹਿੰਮ ਵਾਲੇ ਖੇਤਰ ਚ ਆਪਣੀ ਡਿਊਟੀ ਵਾਲੀ ਥਾਂ ਤੋਂ ਦੂਰ ਰਹਿਣ ਦਾ ਦੋਸ਼ੀ ਪਾਇਆ ਗਿਆ ਹੈ।
ਸਮਾਚਾਰ ਏਜੰਸੀ ਭਾਸ਼ਾ ਨੇ ਫ਼ੌਜ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਗੋਗੋਈ ਖਿਲਾਫ ਅਨੁਸ਼ਾਸਨ ਸਬੰਧੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਨੇ 23 ਮਈ ਨੂੰ ਇੱਕ ਵਿਵਾਦ ਮਗਰੋਂ ਗੋਗੋਈ ਨੂੰ ਹਿਸਾਸਤ ਚ ਲਿਆ ਸੀ। ਉਹ 18 ਸਾਲਾਂ ਔਰਤ ਨਾਲ ਸ਼੍ਰੀਨਰਗ ਦੇ ਇੱਕ ਹੋਟਲ ਚ ਕਥਿਤ ਤੌਰ ਤੇ ਵੜਨ ਦੀ ਕੋਸਿ਼ਸ਼ ਕਰ ਰਹੇ ਸਨ। ਇਸਦੇ ਕੁੱਝ ਦਿਨ ਮਗਰੋਂ ਫ਼ੌਜ ਨੇ ਇਸ ਘਟਨਾ ਦੀ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਸਨ। ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਪਹਲਗਾਮ ਚ ਕਿਹਾ ਸੀ ਕਿ ਜੇਕਰ ਗੋਗੋਈ ਨੂੰ ਕਿਸੇ ਵੀ ਅਪਰਾਧ ਚ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।