–– ਮੰਗਲਵਾਰ ਨੂੰ ਸੁਪਰੀਮ ਕੋਰਟ ਦੇ 3 ਜੱਜ ਕਰਨਗੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨਾਲ ਸਬੰਧਤ ਮਾਮਲੇ ਦੀ ਸੁਣਵਾਈ
ਚਿਟ-ਫ਼ੰਡ ਘੁਟਾਲਿਆਂ ਦੇ ਮਾਮਲੇ ਵਿੱਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਦੀ ਸੀਬੀਆਈ ਦੀ ਕੋਸ਼ਿਸ਼ ਵਿਰੁੱਧ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਐਤਵਾਰ ਦੇਰ ਰਾਤੀਂ ਧਰਨੇ ਉੱਤੇ ਬੈਠ ਗਏ ਸਨ ਤੇ ਇਹ ਧਰਨਾ ਇਹ ਖ਼ਬਰ ਲਿਖੇ ਜਾਣ ਤੱਕ ਵੀ ਜਾਰੀ ਸੀ। ਕੁਮਾਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਹੈ ਕਿ ਉਹ ਆਪਣੀ ਜਾਨ ਦੇਣ ਨੂੰ ਤਿਆਰ ਹਨ ਪਰ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਵਿਧਾਨ ਤੇ ਦੇਸ਼ ਦੇ ਸੰਘੀ ਢਾਂਚੇ ਦੀ ਭਾਵਨਾ ਗਲ਼ਾ ਘੁੱਟ ਕੇ ਰੱਖ ਦਿੱਤਾ ਹੈ।
ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਅੱਜ ਚੋਣ ਕਮਿਸ਼ਨ ਤੱਕ ਪਹੁੰਚ ਕਰ ਕੇ ਕਿਹਾ ਕਿ ਮਮਤਾ ਬੈਨਰਜੀ ਦੀ ਪਾਰਟੀ ‘ਤ੍ਰਿਣਮੂਲ ਕਾਂਗਰਸ’ (TMC) ਜਮਹੂਰੀਅਤ ਵਿੱਚ ਵਿਸ਼ਵਾਸ ਨਹੀਂ ਰੱਖਦੀ। ਇੰਝ ਕੇਂਦਰ ਸਰਕਾਰ ਤੇ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪੱਛਮੀ ਬੰਗਾਲ ਦੀ ਸਰਕਾਰ ਵਿਚਾਲੇ ਸਿੱਧਾ ਟਕਰਾਅ ਪੈਦਾ ਹੋ ਗਿਆ ਹੈ। ਕਮਿਸ਼ਨਰ ਪੁਲਿਸ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਭਲਕੇ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਤਿੰਨ ਜੱਜ ਕਰਨਗੇ।
ਕੋਲਕਾਤਾ ਦੇ ਮੈਟਰੋ ਸਿਨੇਮਾ ਸਾਹਮਣੇ ਭੂਰੇ ਰੰਗ ਦੀ ਊਨੀ ਸ਼ਾਲ ਓਢ ਕੇ ਧਰਨੇ ਉੱਤੇ ਬੈਠੇ ਮਮਤਾ ਬੈਨਰਜੀ ਤੇ ਮੋਦੀ ਸਰਕਾਰ ਵਿਚਾਲੇ ਇਹ ਘਟਨਾਕ੍ਰਮ ਉਸ ਵੇਲੇ ਸ਼ੁਰੂ ਹੋਇਆ, ਜਦੋਂ ਕਮਿਸ਼ਨਰ ਪੁਲਿਸ ਰਾਜੀਵ ਕੁਮਾਰ ਤੋਂ ਪੁੱਛਗਿੱਛ ਦੇ ਮੰਤਵ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ਉੱਤੇ ਗਈ, ਤਾਂ ਉੱਥੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਸੀਬੀਆਈ ਅਧਿਕਾਰੀਆਂ ਦੀ ਟੀਮ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਸੀਬੀਆਈ ਦੇ ਕੁਝ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਕੇਂਦਰ ਤੇ ਸੂਬਾਈ ਪੁਲਿਸ ਬਲਾਂ ਵਿਚਾਲੇ ਇਹ ਟਕਰਾਅ ਦੀ ਬੇਹੱਦ ਵਿਲੱਖਣ ਸਥਿਤੀ ਸੀ।
ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਗੱਠਜੋੜ ਬਣਾਉਣ ਦੇ ਜਤਨਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਬਗ਼ੈਰ ਤਲਾਸ਼ੀ ਵਾਰੰਟ ਦੇ ਹੀ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਕੁਮਾਰ ਦੇ ਬੂਹੇ ਉੱਤੇ ਦਸਤਕ ਦਿੱਤੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਉਹ ਹਰ ਉਸ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣਾ ਚਾਹੁੰਦੇ ਹਨ, ਜਿੱਥੇ ਵਿਰੋਧੀ ਪਾਰਟੀਆਂ ਸੱਤਾ ਵਿੱਚ ਹਨ।