ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਕੱਲ੍ਹ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕੋਲਕਾਤਾ ਦੇ ਹਵਾਈ ਅੱਡੇ ਉੱਤੇ ਉਸ ਵੇਲੇ ਹੋਈ, ਜਦੋਂ ਕੁਮਾਰੀ ਮਮਤਾ ਬੈਨਰਜੀ ਨਵੀਂ ਦਿੱਲੀ ਜਾ ਰਹੇ ਸਨ।
ਸੂਤਰਾਂ ਨੇ ਦੱਸਿਆ ਕਿ ਦੋਵਾਂ ਵਿਚਾਲੇ ਬਹੁਤ ਹੀ ਸੰਖੇਪ ਸਮੇਂ ਬੇਹੱਦ ਸੁਖਾਵੀਂ ਮੁਲਾਕਾਤ ਹੋਈ। ਦਰਅਸਲ, ਸ੍ਰੀਮਤੀ ਜਸ਼ੋਦਾਬੇਨ ਪੱਛਮੀ ਬੰਗਾਲ ਦੇ ਗੁਆਂਢੀ ਸੂਬੇ ਝਾਰਖੰਡ ਦੇ ਸ਼ਹਿਰ ਧਨਬਾਦ ’ਚ ਦੋ ਦਿਨ ਰੁਕਣ ਤੋਂ ਬਾਅਦ ਗੁਜਰਾਤ ਵਾਪਸ ਜਾ ਰਹੇ ਸਨ।
ਕੁਮਾਰੀ ਮਮਤਾ ਬੈਨਰਜੀ ਤੇ ਸ੍ਰੀਮਤੀ ਜਸ਼ੋਦਾਬੇਨ ਵਿਚਾਲੇ ਹੋਈ ਇਹ ਮੀਟਿੰਗ ਅਚਾਨਕ ਹੋਈ ਸੀ ਤੇ ਦੋਵਾਂ ਨੇ ਇੱਕ–ਦੂਜੇ ਨੂੰ ਸ਼ੁਭ–ਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਸ੍ਰੀਮਤੀ ਜਸ਼ੋਦਾ ਬੇਨ ਨੂੰ ਇੱਕ ਸਾੜ੍ਹੀ ਤੋਹਫ਼ੇ ਵਜੋਂ ਦਿੱਤੀ।
ਕੁਮਾਰੀ ਮਮਤਾ ਬੈਨਰਜੀ ਨੇ ਅੱਜ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਣਾ ਹੈ। ਇਸ ਮੁਲਾਕਾਤ ਦੌਰਾਨ ਉਹ ਪ੍ਰਧਾਨ ਮੰਤਰੀ ਨਾਲ ਆਪਣੇ ਸੂਬੇ ਪੱਛਮੀ ਬੰਗਾਲ ਦੀਆਂ ਕੁਝ ਸਮੱਸਿਆਵਾਂ ਸਾਂਝੀਆਂ ਕਰਨਗੇ ਤੇ ਬਕਾਇਆ ਰਹਿੰਦੇ ਫ਼ੰਡ ਜਾਰੀ ਕਰਨ ਲਈ ਆਖਣਗੇ।
ਸ੍ਰੀਮਤੀ ਜਸ਼ੋਦਾਬੇਨ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਪੱਛਮੀ ਬਰਧਮਾਨ ’ਚ ਆਸਨਸੋਲ ਵਿਖੇ ਕਲਿਆਣੇਸ਼ਵਰੀ ਮੰਦਰ ਵਿੱਚ ਪੂਜਾ ਕੀਤੀ ਸੀ।
ਧਨਬਾਦ ਤੋਂ ਆਸਨਸੋਲ ਦੀ ਦੂਰੀ 68 ਕਿਲੋਮੀਟਰ ਹੈ।