ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਕਾਰਕੁੰਨਾਂ ਵੱਲੋਂ ‘ਗੋਲ਼ੀ ਮਾਰੋ…’ ਵਾਲੇ ਨਾਅਰੇ ਲਾਉਣ ਉੱਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਦਿੱਲੀ ਨਹੀਂ, ਕੋਲਕਾਤਾ ਹੈ ਤੇ ਅਜਿਹੇ ਨਾਅਰਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਦੀ ਸਖ਼ਤ ਨਿਖੇਧੀ ਕਰਦੇ ਹਨ, ਜਿਨ੍ਹਾਂ ਨੇ ਕੋਲਕਾਤਾ ਦੀਆਂ ਸੜਕਾਂ ਉੱਤੇ ‘ਗੋਲੀ ਮਾਰੋ…’ ਦੇ ਨਾਅਰੇ ਲਾਏ ਤੇ ਕਿਹਾ ਕਿ ਇਸ ਮਾਮਲੇ ’ਚ ਕਾਨੂੰਨ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ।
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਦਿੱਲੀ ਦੀ ਹਿੰਸਾ ਕਤਲੇਆਮ ਸੀ। ਉਨ੍ਹਾਂ ਕਿਹਾ ਕਿ ਉਹ ਮਾਸੂਮ ਲੋਕਾਂ ਦੇ ਕਤਲਾਂ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਪੱਛਮੀ ਬੰਗਾਲ ਸਮੇਤ ਸਮੁੱਚੇ ਦੇਸ਼ ਵਿੱਚ ‘ਦੰਗਿਆਂ ਦਾ ਗੁਜਰਾਤ ਮਾੱਡਲ’ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕੋਲਕਾਤਾ ਪੁਲਿਸ ਅੱਜ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਤਿੰਨ ਅਜਿਹੇ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ; ਜਿਨ੍ਹਾਂ ਨੇ ਕਥਿਤ ਤੌਰ ’ਤੇ ‘ਦੇਸ਼ ਦੇ ਗ਼ੱਦਾਰਾਂ ਨੂੰ ਗੋਲ਼ੀ ਮਾਰੋ…’ ਨਾਅਰੇ ਲਾਏ ਸਨ। ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੜਕਾਊ ਨਾਅਰੇ ਲਾਉਣ ਦੀ ਹਰਕਤ ਭਾਜਪਾ ਹਮਾਇਤੀਆਂ ਨੇ ਕੀਤੀ ਸੀ ਅਤੇ ਅਜਿਹਾ ਕਰਨਾ ਸੰਗੀਨ ਅਪਰਾਧ ਹੈ।
ਚੇਤੇ ਰਹੇ ਕਿ ਮੁਲਜ਼ਮਾਂ ਨੇ ਰੈਲੀ ਵਾਲੀ ਥਾਂ ਸ਼ਹੀਦ ਮੀਨਾਰ ਮੈਦਾਨ ’ਚ ਜਾਂਦੇ ਸਮੇਂ ਐਸਪਲੇਨੇਡ ਮਾਰਗ ਉੱਤੇ ਮੈਦਾਨ ਬਾਜ਼ਾਰ ’ਚੋਂ ਲੰਘਦੇ ਸਮੇਂ ਨਾਅਰੇਬਾਜ਼ੀ ਕੀਤੀ ਸੀ। ਇੱਕ ਵਿਅਕਤੀ ਨੇ ਐਤਵਾਰ ਨੂੰ ਨਯਾ ਬਾਜ਼ਾਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ; ਜਿਸ ਦੇ ਆਧਾਰ ਉੱਤੇ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤੇ ਭਾਜਪਾ ਕਾਰਕੁੰਨਾਂ ਦੀ ਸ਼ਨਾਖ਼ਤ ਧਰੁਵ ਬਾਸੂ, ਪੰਕਜ ਪ੍ਰਸਾਦ ਅਤੇ ਸੁਰੇਂਦਰ ਕੁਮਾਰ ਤਿਵਾੜੀ ਵਜੋਂ ਹੋਈ ਹੈ। ਉਨ੍ਹਾਂ ਨੂੰ ਅੇਤਵਾਰ ਦੇਰ ਰਾਤੀਂ ਗ੍ਰਿਫ਼ਤਾਰ ਕੀਤਾ ਗਿਆ।