ਹੈਦਰਾਬਾਦ ਦੇ ਪੰਜ–ਤਾਰਾ ਹੋਟਲ ‘ਤਾਜ ਬੰਜਾਰਾ’ ਵਿੱਚ ਇੱਕ ਵਿਅਕਤੀ 100 ਦਿਨਾਂ ਤੋਂ ਵੀ ਵੱਧ ਸਮੇਂ ਤੱਕ ਰਿਹਾ ਤੇ ਫਿਰ ਕਥਿਤ ਤੌਰ ਉੱਤੇ 12 ਲੱਖ 34 ਹਜ਼ਾਰ ਰੁਪਏ ਦਾ ਬਿਲ ਅਦਾ ਕੀਤੇ ਬਿਨਾ ਫ਼ਰਾਰ ਹੋ ਗਿਆ।
ਤਾਜ ਬੰਜਾਰਾ ਹੋਟਲ ਦੇ ਜਨਰਲ ਮੈਨੇਜਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਉੱਤੇ ਪੁਲਿਸ ਨੇ ਕਾਰਵਾਈ ਕਰਦਿਆਂ ਏ. ਸ਼ੰਕਰ ਨਾਰਾਇਣ ਨਾਂਅ ਦੇ ਉਸ ਵਿਅਕਤੀ ਵਿਰੁੱਧ ਧੋਖਾਧੜੀ ਅਤੇ ਅਪਰਾਧਕ ਵਿਸਾਹਘਾਤ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਵਿਅਕਤੀ ਵਿਸ਼ਾਖਾਪਟਨਮ ਦਾ ਵਪਾਰੀ ਦੱਸਿਆ ਜਾ ਰਿਹਾ ਹੈ।
ਹੋਟਲ ਦੇ ਪ੍ਰਬੰਧਕੀ ਅਮਲੇ ਮੁਤਾਬਕ ਮੁਲਜ਼ਮ ਲਗਜ਼ਰੀ ਸੁਇਟ ਵਿੱਚ 102 ਦਿਨਾਂ ਤੱਕ ਰਿਹਾ। ਉਸ ਦਾ ਬਿਲ 25.96 ਲੱਖ ਰੁਪਏ ਦਾ ਬਣਿਆ। ਉਸ ਨੇ 13.62 ਲੱਖ ਰੁਪਏ ਦਾ ਭੁਗਤਾਨ ਕੀਤਾ ਅਤੇ ਇਸ ਵਰ੍ਹੇ ਅਪ੍ਰੈਲ ’ਚ ਬਿਨਾ ਕਿਸੇ ਨੂੰ ਸੂਚਿਤ ਕੀਤੇ ਹੋਟਲ ਛੱਡ ਕੇ ਚਲਾ ਗਿਆ।
ਜਦੋਂ ਹੋਟਲ ਦੇ ਪ੍ਰਬੰਧਕਾਂ ਨੇ ਉਸ ਵਿਅਕਤੀ ਨੂੰ ਫ਼ੋਨ ਕੀਤਾ, ਤਦ ਉਸ ਨੇ ਵਾਅਦਾ ਕੀਤਾ ਕਿ ਉਹ ਪੂਰਾ ਭੁਗਤਾਨ ਕਰ ਦੇਵੇਗਾ। ਬਾਅਦ ਵਿੱਚ ਉਸ ਨੇ ਆਪਣਾ ਫ਼ੋਨ ਹੀ ਬੰਦ ਕਰ ਦਿੱਤਾ। ਤਦ ਉਸ ਵਿਰੁੱਧ ਬੰਜਾਰਾ ਹਿਲਜ਼ ਪੁਲਿਸ ਥਾਣੇ ਵਿੱਚ ਐੱਫ਼ਆਈਆਰ ਦਰਜ ਕਰਵਾਈ ਗਈ।
ਆਈ.ਜੀ. ਪੁਲਿਸ ਪੀ. ਰਵੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਧਰ ਵਪਾਰੀ ਏ. ਸ਼ੰਕਰ ਨਾਰਾਇਣ ਦਾ ਦਾਅਵਾ ਹੈ ਕਿ ਉਹ ਤਾਂ ਹੋਟਲ ਵਿੱਚ ਪੂਰਾ ਭੁਗਤਾਨ ਕਰ ਕੇ ਉੱਥੋਂ ਆਇਆ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਹੋਟਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈ।