ਮਿੰਨੀ ਕਹਾਣੀ ਦੇ ਵੱਡੇ ਸਿਰਜਕ-31
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
ਪੰਜਾਬੀ ਸਾਹਿਤ ਜਗਤ ਤੇ ਸਮਾਜ ਸੇਵਾ ਦੇ ਖੇਤਰ ਵਿਚ ਮੋਹਨ ਸ਼ਰਮਾ ਜੀ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਜਿੰਨ੍ਹਾਂ ਇਨ੍ਹਾਂ ਦਾ ਨਾਂ ਸਾਹਿਤਕ ਖੇਤਰ ਵਿਚ ਹੈ, ਉਸ ਤੋਂ ਕਿਤੇ ਜਿਆਦਾ ਸਮਾਜ ਸੇਵਾ ਦੇ ਖੇਤਰ ਵਿਚ ਹੈ। ਸਮਾਜ ਵਿਚ ਨਾਸੂਰ ਬਣ ਚੁੱਕੀ ਨਸ਼ੇ ਦੀ ਬਿਮਾਰੀ ਦੇ ਖਾਤਮੇ ਲਈ ਇਹ ਇੱਕ ਮਿਸ਼ਨ ਵਾਂਗ ਕੰਮ ਕਰ ਰਹੇ ਹਨ।ਪਿੰਡਾਂ ਦੀਆ ਪੰਚਾਇਤਾਂ ਨੂੰ ਸ਼ਰਾਬ ਦੇ ਠੇਕਿਆ ਵਿਰੁੱਧ ਮਤੇ ਪਾਉਣ ਲਈ ਜਾਗਰੂਕ ਕਰਨਾ, ਪਿੰਡ-2 ਸ਼ਹਿਰ -2 ਨਸ਼ੇ ਵਿਰੋਧੀ ਸਰਗਰਮੀਆਂ ਕਰਨੀਆਂ ਇਨ੍ਹਾਂ ਦੇ ਅੱਜ–ਕੱਲ ਦੇ ਰੁਝੇਵਿਆਂ ਵਿਚ ਸ਼ਾਮਿਲ ਹੈ। ਮੋਹਨ ਸ਼ਰਮਾ ਦੀ ਪ੍ਰੇਰਣਾ ਸਦਕਾ ਸੈਂਕੜੇ ਨੌਜਵਾਨ ਨਸ਼ਾ ਤਿਆਗ ਕੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਚੁੱਕੇ ਹਨ।ਇਨ੍ਹਾਂ ਦੀਆਂ ਨਸ਼ੇ ਵਿਰੁੱਧ ਜਾਗਰੂਕਤਾ ਲਈ ਦੋ ਕਿਤਾਬਾਂ ਛਪ ਚੁੱਕੀਆ ਹਨ ਅਤੇ ਲੇਖ ਵੀ ਅਕਸਰ ਅਖਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ।
ਹੁਣ ਜੇਕਰ ਇਨ੍ਹਾਂ ਦੇ ਮਿੰਨੀ ਕਹਾਣੀ ਸਾਹਿਤ ਦੀ ਗੱਲ ਕਰੀਏ ਤਾਂ ਇਹ ਮਿੰਨੀ ਕਹਾਣੀ ਲੇਖਕਾਂ ਦੀ ਪਹਿਲੀ ਪੀੜ੍ਹੀ ਵਿਚ ਸ਼ਾਮਿਲ ਹਨ।ਇਨ੍ਹਾਂ ਦੀਆਂ ਮਿੰਨੀ ਕਹਾਣੀਆਂ ਸਮਾਜਿਕ ਸਰੋਕਾਰਾਂ ਨਾਲ ਵਾਬਸਤਾ ਹੁੰਦੀਆਂ ਹਨ। ਇਨ੍ਹਾਂ ਦੇ ਤਿੰਨ ਮਿੰਨੀ ਕਹਾਣੀ ਸੰਗ੍ਰਹਿ ‘ਪੂਜਾ’, ‘ਤਿੰਨ ਯੁੱਗ ਤਿੰਨ ਸੰਵਾਦ’ ਤੇ ‘ਸੁਪਨਿਆਂ ਦੇ ਖੰਡਰ’ ਪ੍ਰਕਾਸ਼ਿਤ ਹੋ ਚੁੱਕੇ ਹਨ।ਇਸ ਤੋਂ ਇਲਾਵਾ ਕਵਿਤਾ, ਕਹਾਣੀ ਤੇ ਵਾਰਤਕ ਦੀਆਂ ਕਈ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਹਨ।
ਮੋਹਨ ਸ਼ਰਮਾ ਦਾ ਜਨਮ 16 ਫਰਵਰੀ 1948, ਨੂੰ ਕਾਂਝਲਾ (ਸੰਗਰੂਰ) ਪੰਜਾਬ ਵਿਖੇ ਹੋਇਆ।ਇਨ੍ਹਾਂ ਨੂੰ ਦੋ ਵਾਰ ਸਟੇਟ ਐਵਾਰਡ ਤੋਂ ਇਲਾਵਾ ਹੋਰ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਆ ਜਾ ਚੁੱਕਿਆ ਹੈ।ਉਮਰ ਦੇ ਸੱਤ ਦਹਾਕੇ ਪਾਰ ਕਰ ਚੁੱਕੇ ਸ਼ਰਮਾ ਜੀ ਵਰਤਮਾਨ ਸਮੇਂ ਵਿਚ ਵੀ ਸਮਾਜਿਕ ਤੇ ਲੋਕਹਿਤੂ ਕਾਰਜਾਂ ਵਿਚ ਨੌਜਵਾਨਾਂ ਵਾਂਗ ਵਿਚਰਦੇ ਹਨ।ਪੜ੍ਹਦੇ ਹਾਂ ਇਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ:-
ਇਨਾਮ
ਬੱਚੇ ਦੇ ਜਿਦ ਕਰਨ `ਤੇ ਬਾਬੇ ਨੇ ਕਹਾਣੀ ਸੁਨਾਉਣੀ ਸ਼ੁਰੂ ਕੀਤੀ, ‘‘ਇਕ ਮੁੰਡਾ ਰੇਲ ਦੀ ਪਟੜੀ ਕ’ਲ ਡੰਗਰ ਚਾਰਦਾ ਸੀ। ਉਹਨੇ ਦੇਖਿਆ ਕਿ ਰੇਲ ਦੇ ਪੁੱਲ ਨੂੰ ਅੱਗ ਲੱਗੀ ਹੋਈ ਐ। ਉਧਰੋਂ ਗੱਡੀ ਆਉਣ ਵਾਲੀ। ਮੁੰਡੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਸੋਟੀ ਤੇ ਕੱਪੜਾ ਤਾਣ ਕੇ ਪਟੜੀ ਦੇ ਵਿਚਾਲੇ ਖੜੋ ਗਿਆ। ਡਰਾਈਵਰ ਨੇ ਦੂਰੋਂ ਵੇਖਿਆ, ਉਹਦੇ ਬਿਲਕੁਲ ਕੋਲ ਆ ਕੇ ਗੱਡੀ ਖੜੋ ਗਈ। ਡਰਾਈਵਰ ਤੇ ਗਾਰਡ ਨੂੰ ਉਹਨੇ ਪੁੱਲ ਨੂੰ ਅੱਗ ਲੱਗਣ ਵਾਲੀ ਘਟਨਾ ਸੰਬੰਧੀ ਦੱਸਿਆ। ਇਉਂ ਹਜ਼ਾਰਾਂ ਜਾਨਾਂ ਦਾ ਬਚਾਉ ਹੋ ਗਿਆ।`’
‘‘ਫਿਰ ਤਾਂ ਬਾਬਾ ਉਸ ਬਹਾਦਰ ਮੁੰਡੇ ਨੂੰ ਸਰਕਾਰ ਨੇ ਇਨਾਮ ਦਿੱਤਾ ਹੋਣੇ?`’ਮੁੰਡੇ ਨੇ ਪੁੱਛਿਆ।
‘‘ਕਾਹਨੂੰ ਸ਼ੇਰਾ! ਉਹਨੂੰ ਤਾਂ ਬਾਅਦ `ਚ ਪੁਲਿਸ ਫੜ ਕੇ ਲੈ ਗਈ ਬਈ ਤੂੰ ਸਾਨੂੰ ਅੱਗ ਲਾਉਣ ਵਾਲੇ ਅੱਤਵਾਦੀਆਂ ਦਾ ਥਹੁ ਪਤਾ ਦੱਸ।`’ ਬਾਬੇ ਨੇ ਹਾੳੁਕਾ ਭਰ ਕੇ ਜਵਾਬ ਦਿੱਤਾ।
=============
ਪੂਜਾ
ਪਤੀ ਪੂਜਾ ਪਾਠ ਵਿਚ ਮਸਤ ਸੀ ਤੇ ਉਸ ਦੀ ਪਤਨੀ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀ ਸੀ। ਪੂਜਾ ਪਾਠ ਤੋਂ ਵਿਹਲੇ ਹੋ ਕੇ ਉਹਨੇ ਆਪਣੀ ਪਤਨੀ ਵੱਲ ਵੇਂਹਦਿਆਂ ਕਿਹਾ, ‘‘ਇਹ ਕਬੀਲਦਾਰੀ ਦੇ ਕੰਮ ਤਾਂ ਮੁਕਦੇ ਹੀ ਨਹੀਂ! ਥੋੜਾ ਮੋਟਾ ਪਾਠ ਵੀ ਕਰ ਲਿਆ ਕਰ।`’
ਪਤਨੀ ਨੇ ਆਪਣੇ ਦੁੱਧ ਚੁੰਘਦੇ ਬੱਚੇ ਵੱਲ ਡਾਢੇ ਹੀ ਮੋਹ ਨਾਲ ਤੱਕਦਿਆਂ ਕਿਹਾ, ‘‘ਬੱਚਿਆਂ ਦੀ ਸੰਭਾਲ ਕਰਨੀ, ਤੁਹਾਨੂੰ ਪਿਆਰ ਕਰਨਾ, ਘਰ ਵਿਚ ਆਪਣਾ ਆਪ ਡੁੱਬੋ ਦੇਣਾ ਵੀ ਤਾਂ ਔਰਤ ਲਈ ਪੂਜਾ ਤੇ ਤਪੱਸਿਆ ਹੈ।`’
ਆਪਣੀ ਪਤਨੀ ਦੇ ਜਵਾਬ ਤੋਂ ਬਾਅਦ ਪਤੀ ਗੰਭੀਰਤਾ ਨਾਲ ਸੋਚਣ ਲੱਗ ਪਿਆ।
=============
ਨਜ਼ਰ ਦੀ ਭਾਸ਼ਾ
ਵਿਧਵਾ ਔਰਤ ਅਮਰੋ ਨਾਲ ਉਹਦਾ ਇਸ਼ਕ ਪਿਛਲੇ ਦਸ ਵਰ੍ਹਿਆਂ ਤੋਂ ਚੱਲ ਰਿਹਾ ਸੀ। ਮਿਲਣ ਲੱਗਿਆਂ ਉਹ ਆਪਣੀ ਮੁਟਿਆਰ ਧੀ ਅਤੇ ਅਮਰੋ ਆਪਣੇ ਸੋਲਾਂ ਵਰ੍ਹਿਆਂ ਦੇ ਇਕਲੌਤੇ ਪੁੱਤਰ ਤੋਂ ਸੁਚੇਤ ਹੋ ਕੇ ਮਿਲਦੇ।
ਇਕ ਦਿਨ ਉਹਦੀ ਕੁੜੀ ਨੇ ਬਾਪੂ ਨੂੰ ਰੋਟੀ ਖਵਾਉਣ ਤੋਂ ਬਾਅਦ ਕਿਹਾ, “ਬਾਪੂ ਮੈਂ ਚਾਚੀ ਅਮਰੋ ਕਨੀਂ ਜਾ ਆਵਾਂ।"
“ਕਿਉਂ.......?"
“ਬਸ ਊਂਈਂ..........।"
“ਕਿਉਂ, ਓਥੇ ਕੀ ਡੋਡੇ ਨੇ? ਐਮੇਂ ਚੁੱਕ ਲਿਆ ਬੂਥਾ........।"
ਉਹਨੇ ਕੁੜੀ ਦੀਆਂ ਨਜ਼ਰਾਂ `ਚੋਂ ਉਹ ਸਭ ਕੁਝ ਪੜ੍ਹ ਲਿਆ ਸੀ, ਜਿਸ ਨੂੰ ਕੁੜੀ ਦੋ ਵਰ੍ਹੇ ਪਹਿਲਾਂ ਹੀ ਉਹਦੀਆਂ ਨਜ਼ਰਾਂ `ਚੋਂ ਪੜ੍ਹ ਚੁੱਕੀ ਸੀ।
ਹੁਣ ਉਹ ਗੰਭੀਰ ਹੋ ਗਿਆ ਸੀ - ਅੰਤਾਂ ਦਾ ਗੰਭੀਰ!
=============
ਵਿਰਸੇ ਦੀ ਸੰਭਾਲ
ਉਸ ਨੂੰਂ ਪ੍ਰਾਚੀਨ ਵਸਤਾਂ ਸੰਭਾਲਣ ਦਾ ਸ਼ੌਕ ਸੀ ਅਤੇ ਇਹ ਸ਼ੌਕ ਪਾਲਣ ਲਈ ਉਸਨੇ ਹਿੰਮਤ ਕਰਕੇ ਪੁਰਾਣੇ ਸਿੱਕੇ, ਘਰੈਲੂ ਵਰਤੋਂ ਵਿੱਚ ਆਉਣ ਵਾਲੀਆਂ ਪੁਰਾਣੀਆਂ ਵਸਤਾਂ ਅਤੇ ਹੋਰ ਵੀ ਨਿੱਕ ਸੁੱਕ ਆਪਣੀ ਸ਼ਾਨਦਾਰ ਕੋਠੀ ਦੇ ਇੱਕ ਕਮਰੇ ਵਿਚ ਸੰਭਾਲ ਕੇ ਰੱਖਿਆ ਹੋਇਆ ਸੀ।
ਉਹ ਆਪਣੇ ਇਸ ਕੀਮਤੀ ਸਰਮਾਏ ਨੂੰ ਬੜੇ ਚਾਅ ਨਾਲ ਆਇਆ ਗਿਆ ਨੂੰ ਵਿਖਾਉਂਦਾ ਅਤੇ ਫੇਸਬੁੱਕ, ਵਟਸਐਪ ਤੇ ਵੀ ਇਸਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰਦਾ।
ਇੱਕ ਦਿਨ ਜਦੋਂ ਉਹ ਇਹ ਸਮਾਨ ਆਪਣੇ ਦੋਸਤ ਨੂੰ ਵਿਖਾ ਰਿਹਾ ਸੀ ਤਾਂ ਉਸਨੇ ਵਿੱਚੋਂ ਟੋਕ ਕੇ ਕਿਹਾ , ‘‘ਤੇਰੇ ਬੁਜ਼ਰਗ ਮਾਤਾ ਪਿਤਾ ਕਿੱਥੇ ਨੇ?’’
‘‘ਉਹ ਤਾਂ ਪਿੰਡ ਈਂ ਰਹਿੰਦੇ ਨੇ, ਕਦੇ ਕਦੇ ਪਿੰਡ ਜਾ ਕੇ ਖਬਰਸਾਰ ਲੈ ਆਉਨਾ..।’’
‘‘ਵਾਹ ! ਏਨਾ ਵਸਤੂਆਂ ਨੂੰ ਹਿੱਕ ਨਾ ਲਾ ਕੇ ਪੁਰਾਣੇ ਵਿਰਸੇ ਨੂੰ ਸੰਭਾਲਣ ਦਾ ਭਰਮ ਪਾਲ ਰਿਹੈ ਤੇ ਅਸਲੀ ਵਿਰਸਾ ਮਾਂ ਬਾਪ ਅੱਖਾਂ ਤੋਂ ਓਹਲੇ ਕਰ ਛੱਡੇ ਨੇ..
ਏਹ ਗੁੰਮ ਹੋਈਆਂ ਵਸਤੂਆਂ ਤਾਂ ਫੇਰ ਵੀ ਮਿਲ ਜਾਣਗੀਆਂ, ਪਰ ਮਾਪੇ ਕਿੱਥੋਂ..? ਉਸਦਾ ਦੋਸਤ ਰੌਂਅ ਵਿਚ ਕਹਿ ਗਿਆ।
ਦੋਸਤ ਦੀਆਂ ਗੱਲਾਂ ਦਾ ਉਸਨੂੰ ਕੋਈ ਜਵਾਬ ਨਹੀਂ ਸੀ ਔੜ ਰਿਹਾ ਤੇ ਉਹ ਗੰਭੀਰ ਹੋ ਗਿਆ..ਅੰਤਾਂ ਦਾ ਗੰਭੀਰ।
=============
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
#46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501
ਮੋਬਾਈਲ: 95018 77033