ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਦੇਸ਼ ਦੀ ਰਾਜਧਾਨੀ ’ਚ ਕਸ਼ਮੀਰੀਆਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕਰਨ ਦੀ ਇਜਾਜ਼ਤ ਨਹੀਂ ਮਿਲੀ। ਇਸ ਮੁਜ਼ਾਹਰੇ ਦਾ ਐਲਾਨ ਕਰਨ ਤੋਂ ਬਾਅਦ ਇਸ ਪਾਰਟੀ ਦੇ ਅਨੇਕ ਕਾਰਕੁੰਨ ਦਿੱਲੀ ਪੁੱਜ ਗਏ ਸਨ। ਇਹ ਮੁਜ਼ਾਹਰਾ ਅੱਜ ਸੰਸਦ ਮਾਰਗ ’ਤੇ ਜੰਤਰ–ਮੰਤਰ ਉੱਤੇ ਹੋਣਾ ਤੈਅ ਸੀ।
ਪਾਰਟੀ ਵੱਲੋਂ ਆਪਣੇ ਰੋਸ ਮੁਜ਼ਾਹਰੇ ਲਈ ਤੰਬੂ ਵੀ ਗੱਡ ਦਿੱਤੇ ਗਏ ਸਨ ਪਰ ਬੁੱਧਵਾਰ–ਵੀਰਵਾਰ ਦੀ ਰਾਤ ਨੂੰ 12:08 ਵਜੇ ਇੱਕ ਸੁਨੇਹੇ ਰਾਹੀਂ ਦੱਸਿਆ ਗਿਆ ਉਨ੍ਹਾਂ ਨੂੰ ਰੋਸ ਮੁਜ਼ਾਹਰੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਡਾ. ਈਸ਼ ਸਿੰਘਲ ਆਈਪੀਐੱਸ ਵੱਲੋਂ ਜਾਰੀ ਕੀਤੇ ਸੰਦੇਸ਼ ਵਿੱਚ ਲਿਖਿਆ ਗਿਆ ਹੈ ਕਿ ਕਾਨੂੰਨ ਤੇ ਵਿਵਸਥਾ ਦੀ ਹਾਲਤ ਕਾਰਨ ਜੰਤਰ–ਮੰਤਰ ਉੱਤੇ ਰੋਸ ਮੁਜ਼ਾਹਰੇ ਜਾਂ ਧਰਨੇ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।
ਪਾਰਟੀ ਦੇ ਬੁਲਾਰੇ ਨੇ ‘ਹਿੰਦੁਸਤਾਨ ਟਾਈਮਜ਼’ (ਗੁਰਪ੍ਰੀਤ ਸਿੰਘ ਨਿੱਬਰ) ਨੂੰ ਦੱਸਿਆ ਕਿ ਰੋਸ ਮੁਜ਼ਾਹਰੇ ਦੀ ਇਜਾਜ਼ਤ ਨਾ ਮਿਲਣੀ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਤੇ ਕਾਰਕੁੰਨ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇਕੱਠੇ ਹੋ ਗਏ ਸਨ।
ਇੱਥੇ ਵਰਨਣਯੋਗ ਹੈ ਕਿ ਕਸ਼ਮੀਰ ’ਚ ਇਸ ਵੇਲੇ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਪਿਆ ਹੈ। ਵਾਦੀ ਵਿੱਚ ਇਹ ਹਾਲਤ ਬੀਤੀ 5 ਅਗਸਤ ਤੋਂ ਹੈ। ਕੋਈ ਕਾਰੋਬਾਰੀ ਅਦਾਰਾ ਤਦ ਤੋਂ ਹੀ ਨਹੀਂ ਖੁੱਲ੍ਹ ਰਿਹਾ। ਕਸ਼ਮੀਰ ਵਾਦੀ ’ਚ ਭਾਵੇਂ ਇਸ ਵੇਲੇ ਐਲਾਨੀਆ ਕਰਫ਼ਿਊ ਨਹੀਂ ਹੈ (ਕੁਝ ਨਾਜ਼ੁਕ ਇਲਾਕਿਆਂ ਨੂੰ ਛੱਡ ਕੇ) ਪਰ ਸੜਕਾਂ ਉੱਤੇ ਕਿਉਂਕਿ ਸੁਰੱਖਿਆ ਬਲਾਂ ਦੀ ਵੱਡੀ ਗਿਣਤੀ ਘੁੰਮਦੀ ਹੈ; ਆਮ ਲੋਕ ਡਰਦੇ ਮਾਰੇ ਆਪੇ ਹੀ ਘਰਾਂ ਤੋਂ ਬਾਹਰ ਨਹੀਂ ਨਿੱਕਲ ਰਹੇ।
ਅਜਿਹੇ ਹਾਲਾਤ ’ਚ ਭਾਰਤ ਵਿੱਚ ਜੇ ਕਸ਼ਮੀਰੀਆਂ ਦੇ ਹੱਕ ਵਿੱਚ ਹੁਣ ਕੋਈ ਹਾਅ ਦਾ ਨਾਅਰਾ ਮਾਰ ਰਿਹਾ ਹੈ, ਉਹ ਸਿਰਫ਼ ਪੰਜਾਬੀ ਹਨ। ਬੀਤੇ ਫ਼ਰਵਰੀ ਮਹੀਨੇ ਦੇ ਪੁਲਵਾਮਾ ਹਮਲੇ ਤੋਂ ਬਾਅਦ ਵੀ ਜਦੋਂ ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਭਰ ਵਿੱਚ ਕਸ਼ਮੀਰੀਆਂ ਉੱਤੇ ਹਮਲੇ ਹੋਣ ਲੱਗ ਪਏ ਸਨ; ਤਦ ਵੀ ਸਿਰਫ਼ ਪੰਜਾਬੀਆਂ ਨੇ ਹੀ ਉਨ੍ਹਾਂ ਦਾ ਸਾਥ ਦਿੱਤਾ ਸੀ।
ਪਿੱਛੇ ਕਸ਼ਮੀਰੀਆਂ ਦੇ ਹੱਕ ਵਿੱਚ ਪੰਜਾਬ ਦੇ ਹਜ਼ਾਰਾਂ ਕਿਸਾਨ ਸੜਕਾਂ ਉੱਤੇ ਉੱਤਰ ਆਏ ਸਨ। ਉਂਝ ਭਾਵੇਂ ਇਹ ਮੁਜ਼ਾਹਰੇ ਸਿਰਫ਼ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮੋਹਾਲੀ ਹੀ ਵੇਖਣ ਨੂੰ ਮਿਲੇ ਸਨ।
ਇਹ ਪੰਜਾਬੀ ਹੀ ਸਨ, ਜਿਹੜੇ ਪੰਜਾਬ, ਹਰਿਆਣਾ, ਦਿੱਲੀ, ਉੱਤਰ, ਬਿਹਾਰ ਤੱਕ ਤੋਂ ਵੀ ਫਸੇ ਕਸ਼ਮੀਰੀਆਂ ਨੂੰ ਆਪਣੇ ਖ਼ਰਚੇ ਉੱਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਵਾਦੀ ਤੱਕ ਛੱਡ ਕੇ ਆਏ ਸਨ।