ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਤੇਲ ਤੇ ਗੈਸ ਖੇਤਰ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਲੱਭਣੀਆਂ ਚਾਹੀਦੀਆਂ ਹਨ ਕਿਉਂਕਿ ਭਾਰਤ ਨੁੰ 5,000 ਅਰਬ ਡਾਲਰ ਦੀ ਅਰਥ–ਵਿਵਸਥਾ ਬਣਾਉਣ ਵਿੱਚ ਤੇਲ ਤੇ ਗੈਸ ਖੇਤਰ ਦੇ ਪੇਸ਼ੇਵਰਾਂ (ਪ੍ਰੋਫ਼ੈਸ਼ਨਲਜ਼) ਦੀ ਵੱਡੀ ਭੂਮਿਕਾ ਹੋਵੇਗੀ।
ਸ੍ਰੀ ਪ੍ਰਧਾਨ ਫ਼ੈਡਰੇਸ਼ਨ ਆੱਫ਼ ਇੰਡੀਅਨ ਪੈਟਰੋਲੀਅਮ ਇੰਡਸਟ੍ਰੀ ਦੇ ਸਾਲਾਨਾ ਸਮਾਰੋਹ ਤੇ ਪੁਰਸਕਾਰ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇਲ ਅਤੇ ਗੈਸ ਖੇਤਰ ਨਾਲ ਜੁੜੀਆਂ ਜਨਤਕ ਤੇ ਨਿਜੀ ਕੰਪਨੀਆਂ ਦੇ CEOs ਅਤੇ ਹੋਰ ਮਾਹਿਰ ਵੀ ਮੌਜੂਦ ਸਨ।
ਫ਼ੈਡਰੇਸ਼ਨ ਆਫ਼ ਇੰਡੀਅਨ ਪੈਟਰੋਲੀਅਮ ਇੰਡਸਟ੍ਰੀਜ਼ (FIPI) ਦੇ 30 ਵਰ੍ਹੇ ਮੁਕੰਮਲ ਹੋਣ ਦੀ ਵਧਾਈ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਤੇ ਗੈਸ ਖੇਤਰ ਵਿੱਚ ਨਵੀਨਤਾਵਾਂ ਨੂੰ ਹੱਲਾਸ਼ੇਰੀ ਦੇਣ ਲਈ FIPI ਦੀ ਪਹਿਲ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਊਰਜਾ ਖੇਤਰ ਜਿਵੇਂ ਵਿਆਪਕ ਹੋ ਰਿਹਾ ਹੈ, ਉਸ ਨਾਲ ਦੇਸ਼ ਵਿੱਚ ਤੇਲ ਤੇ ਗੈਸ ਖੇਤਰ ਦੀ ਤਕਨੀਕੀ ਸਮਝ ਰੱਖਣ ਵਾਲੇ ਨੌਜਵਾਨ ਪੇਸ਼ੇਵਰਾਂ ਦੀ ਮੰਗ ਤੇਜ਼ੀ ਨਾਲ ਵਧਣ ਵਾਲੀ ਹੈ।
FIPI ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਜਿਵੇਂ ਸ਼ਹਿਰੀਕਰਨ ਤੇਜ਼ੀ ਨਾਲ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਹੁਣ ਦਿਹਾਤੀ ਇਲਾਕਿਆਂ ਵਿੱਚ ਲੋਕਾਂ ਲਈ ਬੁਨਿਆਦੀ ਜ਼ਰੂਰਤ ਤੇ ਸਿਹਤ, ਸਿੱਖਿਆ, ਸੈਰ–ਸਪਾਟਾ ਤੇ ਰੁਜ਼ਗਾਰ ਦੇ ਉਹ ਸਾਰੇ ਮੌਕੇ ਉਪਲਬਧ ਕਰਵਾਉਣੇ ਹੋਣਗੇ, ਜਿਸ ਨਾਲ ਸਭ ਦਾ ਵਿਕਾਸ ਹੋ ਸਕੇ।
ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਅਰਥ–ਵਿਵਸਥਾ ਨੂੰ 5,000 ਅਰਬ ਡਾਲਰ ਦੇ ਪੱਧਰ ਤੱਕ ਲਿਜਾਣ ਦੀ ਦਿਸ਼ਾ ਵਿੱਚ ਵਧ ਰਹੇ ਹਾਂ। ਇਹ ਟੀਚਾ ਹਾਸਲ ਕਰਨ ਵਿੱਚ ਤੇਲ ਤੇ ਗੈਸ ਖੇਤਰ ਦੇ ਪੇਸ਼ੇਵਰਾਂ ਦੀ ਖ਼ਾਸ ਭੂਮਿਕਾ ਹੋਵੇਗੀ।