ਹਰਿਆਣਾ ਵੱਲੋਂ ਹਥਿਨੀ ਕੁੰਡ ਬੈਰਾਜ ਤੋਂ ਪਾਣੀ ਛੱਡੇ ਜਾਣ ਬਾਅਦ ਦਿੱਲੀ `ਚ ਯਮੁਨਾ ਨਦੀਂ ਖਤਰੇ ਦੇ ਨਿਸ਼ਾਨ `ਤੋਂ ਵਗ ਰਹੀ ਹੈ। ਯਮੁਨਾ ਦੇ ਪਾਣੀ ਦਾ ਪੱਧਰ 204.92 ਮੀਟਰ ਤੱਕ ਪਹੁੰਚ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪਾਣੀ ਛੱਡਣ ਬਾਅਦ ਯਮੁਨਾ ਨਦੀ ਦਾ ਪਾਣੀ ਪੱਧਰ ਵੱਧ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵੀਰਵਾਰ ਨੂੰ ਹਥਿਨੀ ਕੁੰਡ ਤੋਂ 1.36 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਦੋਂ ਕਿ ਸ਼ੁੱਕਰਵਾਰ ਨੂੰ ਇਹ ਮਾਤਰਾ 83,241 ਕਿਊਸਿਕ ਰਹੀ। ਅਧਿਕਾਰੀ ਨੇ ਕਿਹਾ ਕਿ ਪਹਾੜਾਂ `ਚ ਭਾਰੀ ਮੀਂਹ ਪੈਣ ਕਾਰਨ ਹਥਿਨੀਕੁੰਡ ਵਿਚ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਵੱਧ ਗਿਆ ਹੈ।
ਯਮੁਨਾ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਬਾਅਦ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਅਲਰਟ ਜਾਰੀ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਸਿੰਚਾਈ ਤੇ ਹੜ੍ਹ ਕੰਟਰੋਲ ਵਿਭਾਗ ਨੇ ਹੇਠਲੇ ਇਲਾਕੇ `ਚ ਰਹਿ ਰਹੇ 100 ਲੋਕਾਂ ਨੁੰ ਸੁਰੱਖਿਅਤ ਸਥਾਨਾਂ `ਤੇ ਪਹੁੰਚਾਉਣ ਲਈ ਤਿਆਰੀਆਂ ਕੀਤੀਆਂ ਹਨ। ਪੂਰਬੀ ਦਿੱਲੀ ਜਿ਼ਲ੍ਹਾ ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਓਲਡ ਰੇਲਵੇ ਬ੍ਰਿਜ `ਤੇ ਯਮੁਨਾ ਦਾ ਪਾਣੀ ਪੱਧਰ 27 ਜੁਲਾਈ ਨੂੰ ਸ਼ਾਮ ਸੱਤ ਵਜੇ 204.10 ਮੀਟਰ ਪਹੁੰਚ ਗਿਆ। ਪਾਣੀ ਪੱਧਰ `ਤੇ ਵਾਧਾ ਹੋ ਰਿਹਾ ਹੈ।
ਬਿਆਨ `ਚ ਕਿਹਾ ਗਿਆ ਹੈ ਕਿ ਸਾਰੇ ਕਾਰਜਕਾਰੀ ਇੰਜਨੀਅਰਾਂ/ਸੈਕਟਰ ਅਫ਼ਸਰਾਂ ਨੁੰ ਕੰਟਰੋਲ ਰੂਮ ਨਾਲ ਸੰਪਰਕ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨੂੰ ਪੀਣ ਦਾ ਪਾਣੀ ਮੁਹੱਈਆ ਕਰਾਉਣ ਵਾਲੇ ਹਥਿਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਸ਼ਹਿਰ `ਚ ਪਹੁੰਚ ਲਈ ਆਮ ਤੌਰ `ਤੇ 72 ਘੰਟੇ ਦਾ ਸਮਾਂ ਲੱਗਦਾ ਹੈ।