ਮੋਦੀ ਸਰਕਾਰ ਵੱਲੋਂ ਰਾਮ ਮੰਦਰ ਦੀ ਉਸਾਰੀ ਲਈ ਟ੍ਰੱਸਟ ਦਾ ਐਲਾਨ ਕਰਨ ਤੋਂ ਬਾਅਦ ਹੁਣ ਵਿਰੋਧ ਤੇ ਨਾਰਾਜ਼ਗੀ ਵੀ ਸਾਹਮਣੇ ਆਉਣ ਲੱਗੀ ਹੈ। ਮੋਦੀ ਸਰਕਾਰ ਦੇ ਫ਼ੈਸਲੇ ਤੋਂ ਨਾਰਾਜ਼ ਹੋ ਕੇ ਅਯੁੱਧਿਆ ’ਚ ਤਪੱਸਵੀ ਛਾਉਣੀ ਦੇ ਮਹੰਤ ਪਰਮਹੰਸ ਦਾਸ ਭੁੱਖ ਹੜਤਾਲ ’ਤੇ ਬੈਠ ਗਏ ਸਨ। ਉਨ੍ਹਾਂ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਟ੍ਰੱਸਟ ਦਾ ਮੁਖੀ ਬਣਾਏ ਜਾਣ ਦੀ ਮੰਗ ਕੀਤੀ ਸੀ।
ਇਸ ਦੌਰਾਨ ਕੇਂਦਰ ਸਰਕਾਰ ਨੇ ਨ੍ਰਿਤ ਗੋਪਾਲ ਦਾਸ ਨੂੰ ਟ੍ਰੱਸਟ ਦਾ ਚੇਅਰਮੈਨ ਬਣਾਏ ਜਾਣ ਦੇ ਸੰਕੇਤ ਦਿੱਤੇ ਹਨ।
ਇਸ ਤੋਂ ਪਹਿਲਾਂ ਸੰਤ ਮਹੰਤ ਸੁਰੇਸ਼ ਦਾਸ ਨੇ ਕਿਹਾ ਸੀ ਕਿ ਸਰਕਾਰ ਨੇ ਸੰਤਾਂ ਦਾ ਅਪਮਾਨ ਕੀਤਾ ਹੈ। ਅਸੀਂ ਜਿਹੜੀ ਮੀਟਿੰਗ ਰੱਖੀ ਹੈ, ਉਸ ਵਿੱਚ ਸਾਰੇ ਸੰਤ ਸ਼ਾਮਲ ਹੋਣਗੇ ਤੇ ਮੀਟਿੰਗ ਵਿੱਚ ਅਗਲੇਰੀ ਕਾਰਵਾਈ ਕਰਨਗੇ। ਜੇ ਲੋਡ ਪਈ ਤਾਂ ਅੰਦੋਲਨ ਵੀ ਕਰਨਗੇ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪਹਿਲਾਂ ਹੀ ਆਖ ਚੁੱਕੇ ਹਨ ਕਿ ਨ੍ਰਿਤ ਗੋਪਾਲ ਦਾਸ ਨੂੰ ਟ੍ਰੱਸਟ ’ਚ ਸ਼ਾਮਲ ਕੀਤਾ ਜਾਵੇਗਾ। ਪਰ ਮਹੰਤ ਪਰਮਹੰਸ ਦਾਸ ਦਾ ਕਹਿਣਾ ਹੈ ਕਿ ਸੰਘ ਮੁਖੀ ਮੋਹਨ ਭਾਗਵਤ ਨੂੰ ਹੀ ਟ੍ਰੱਸਟ ਦੇ ਉੱਪਰ ਰੱਖਿਆ ਜਾਵੇ ਕਿਉਂਕਿ ਆਰਐੱਸਐੱਸ ਦੀ ਵਿਚਾਰਧਾਰਾ ਰਾਸ਼ਟਰਵਾਦੀ ਹੈ। ਸੰਘ ਮੁਖੀ ਨੂੰ ਸਤਿਕਾਰ ਦੇਣਾ ਚਾਹੀਦਾ ਹੈ।
ਮੋਦੀ ਸਰਕਾਰ ਵੱਲੋਂ ਗਠਤ ਟ੍ਰੱਸਟ ਵਿੱਚ ਕੁੱਲ 15 ਮੈਂਬਰ ਹੋਣਗੇ। ਉਨ੍ਹਾਂ ਵਿੱਚੋਂ 9 ਪੱਕੇ ਮੈਂਬਰ ਹੋਣਗੇ ਤੇ 6 ਨਾਮਜ਼ਦ ਮੈਂਬਰ ਹੋਣਗੇ। ਇਹੋ ਟ੍ਰੱਸਟ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਕਰਵਾਏਗਾ।
ਸਰਕਾਰ ਵੱਲੋਂ ਬਣਾਏ ਰਾਮ ਮੰਦਰ ਟ੍ਰੱਸਟ ’ਚ ਇਹ ਸ਼ਾਮਲ ਹੋਣਗੇ: ਸੀਨੀਅਰ ਵਕੀਲ ਕੇ. ਪਰਾਸਰਣ, ਜਗਦਗੁਰੂ ਸ਼ੰਕਰਾਚਾਰਿਆ ਜਿਓਤਿਸ਼ਪੀਠਾਧੀਸ਼ਵਰ ਸਵਾਮੀ ਵਾਸੂਦੇਵਾਨੰਦ ਸਰਸਵਤੀ ਜੀ ਮਹਾਰਾਜ (ਅਲਾਹਾਬਾਦ), ਜਗਦਗੁਰੂ ਮਾਧਵਾਚਾਰਿਆ ਸਵਾਮੀ ਵਿਸ਼ਵ ਪ੍ਰਸੰਨਤੀਰਥ ਜੀ ਮਹਾਰਾਜ (ਉਡੂਪੀ ਦੇ ਪੇਜਾਵਰ ਮੱਠ ਤੋਂ), ਯੁਗ–ਪੁਰਸ਼ ਪਰਮਾਨੰਦ ਜੀ ਮਹਾਰਾਜ (ਹਰਿਦੁਆਰ), ਸਵਾਮੀ ਗੋਵਿੰਦਦੇਵ ਗਿਰੀ ਜੀ ਮਹਾਰਾਜ (ਪੁਣੇ), ਵਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ (ਅਯੁੱਧਿਆ), ਡਾ. ਅਨਿਲ ਮਿਸ਼ਰਾ – ਹੋਮਿਓਪੈਥਿਕ ਡਾਕਟਰ (ਅਯੁੱਧਿਆ), ਕਾਮੇਸ਼ਵਰ ਚੌਪਾਲ (ਅਨੁਸੂਚਿਤ ਜਾਤੀ ਮੈਂਬਰ ਦੇ ਤੌਰ ’ਤੇ), ਮਹੰਤ ਦਿਨੇਂਦਰ ਦਾਸ (ਨਿਰਮੋਹੀ ਅਖਾੜਾ, ਅਯੁੱਧਿਆ)।