ਮਰਾਠੀ ਫ਼ਿਲਮਾਂ ਦੀ ਗਾਇਕਾ ਗੀਤਾ ਮਾਲੀ ਦਾ ਇੱਕ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ ਹੈ। ਇਹ ਹਾਦਸਾ ਮੁੰਬਈ–ਆਗਰਾ ਹਾਈਵੇਅ ’ਤੇ ਥਾਣੇ ਜ਼ਿਲ੍ਹੇ ’ਚ ਵਾਪਰਿਆ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਗੀਤਾ ਮਾਲੀ ਆਪਣੇ ਜੱਦੀ ਸ਼ਹਿਰ ਨਾਸਿਕ ਜਾ ਰਹੇ ਸਨ। ਉਹ ਅਮਰੀਕਾ ਤੋਂ ਹਾਲੇ ਪਰਤੇ ਹੀ ਸਨ ਤੇ ਹਵਾਈ ਅੱਡੇ ਤੋਂ ਕਾਰ ਰਾਹੀਂ ਨਾਸਿਕ ਵੱਲ ਨੂੰ ਜਾ ਰਹੇ ਸਨ।
ਹਾਦਸਾ ਵਾਪਰਨ ਵੇਲੇ ਗੀਤਾ ਮਾਲੀ ਦੇ ਪਤੀ ਵਿਜੇ ਵੀ ਨਾਲ ਹੀ ਸਨ ਕਿ ਉਨ੍ਹਾਂ ਦੀ ਕਾਰ ਦੀ ਟੱਕਰ ਸੜਕ ’ਤੇ ਇੱਕ ਪਾਸੇ ਖੜ੍ਹੇ ਇੱਕ ਕੰਟੇਨਰ ਨਾਲ ਹੋ ਗਈ। ਪੁਲਿਸ ਮੁਤਾਬਕ ਇਹ ਹਾਦਸਾ ਵੀਰਵਾਰ ਸ਼ਾਮੀਂ 3 ਕੁ ਵਜੇ ਸ਼ਾਹਪੁਰ ਨੇੜੇ ਲਾਹੇ ਫਾਟਾ ਵਿਖੇ ਵਾਪਰਿਆ।
ਗੀਤਾ ਤੇ ਵਿਜੇ ਨੂੰ ਬਹੁਤ ਬੁਰੀ ਜ਼ਖ਼ਮੀ ਹਾਲਤ ’ਚ ਸ਼ਾਹਪੁਰ ਦੇ ਦਿਹਾਤੀ ਹਸਪਤਾਲ ਲਿਜਾਂਦਾ ਗਿਆ ਪਰ ਗੀਤਾ ਮਾਲੀ ਇਲਾਜ ਦੌਰਾਨ ਹੀ ਦਮ ਤੋੜ ਗਏ।
ਗੀਤਾ ਮਾਲੀ ਨੇ ਕੁਝ ਮਰਾਠੀ ਫ਼ਿਲਮਾਂ ਲਈ ਗੀਤ ਗਾਏ ਸਨ ਤੇ ਆਪਣੀ ਖ਼ੁਦ ਦੀਆਂ ਵੀ ਕੁਝ ਐਲਬਮਾਂ ਕੱਢੀਆਂ ਸਨ।