ਉੱਤਰ ਪ੍ਰਦੇਸ਼ ਦੇ ਅਮਰੋਹਾ ਜਿ਼ਲ੍ਹੇ `ਚ ਵ੍ਹਟਸਐਪ ਕਾਰਨ ਇੱਕ ਵਿਆਹ ਹੀ ਟੁੱਟ ਗਿਆ ਤੇ ਬਰਾਤ ਨੂੰ ਬੈਰੰਗ ਪਰਤਣਾ ਪਿਆ। ਲਾੜੇ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕੁੜੀ ਤਾਂ ਵ੍ਹਟਸਐਪ `ਤੇ ਬਹੁਤ ਜਿ਼ਆਦਾ ਸਮਾਂ ਬਿਤਾਉਂਦੀ ਹੈ।
ਜਿ਼ਲ੍ਹੇ ਦੇ ਪਿੰਡ ਨੌਗਾਓਂ ਸਾਦਤ `ਚ ਲਾੜੀ ਤੇ ਉਸ ਦਾ ਪਰਿਵਾਰ ਬਰਾਤ ਆਉਣ ਦੀ ਉਡੀਕ ਕਰ ਰਿਹਾ ਸੀ ਪਰ ਫ਼ੋਨ `ਤੇ ਉਨ੍ਹਾਂ ਨੂੰ ਅਚਾਨਕ ਇਹ ਦੱਸਿਆ ਗਿਆ ਕਿ ਕੁੜੀ ਵ੍ਹਟਸਐਪ ਦੀ ਵਰਤੋਂ ਹੱਦੋਂ ਵੱਧ ਕਰਦੀ ਹੈ, ਜਿਸ ਕਾਰਨ ਉਹ ਰਿਸ਼ਤਾ ਤੋੜ ਰਹੇ ਹਨ।
ਤਦ ਕੁੜੀ ਵਾਲਿਆਂ ਨੂੰ ਗੁੱਸਾ ਚੜ੍ਹ ਗਿਆ - ਉਨ੍ਹਾਂ ਅੱਗਿਓਂ ਮੁੰਡੇ ਵਾਲਿਆਂ `ਤੇ ਇਲਜ਼ਾਮ ਲਾ ਦਿੱਤਾ ਕਿ ਦਰਅਸਲ ਉਨ੍ਹਾਂ ਤੋਂ ਦਾਜ ਦੇ ਰੂਪ ਵਿੱਚ ਮੋਟੀ ਰਕਮ ਮੰਗੀ ਗਈ ਸੀ, ਜਿਸ ਕਾਰਨ ਇਹ ਰਿਸ਼ਤਾ ਟੁੱਟਿਆ ਹੈ।
ਪੁਲਿਸ ਮੁਤਾਬਕ ਲਾੜੀ ਦੇ ਪਿਤਾ ਉਰੋਜ ਮਹਿੰਦੀ ਨੇ ਲਾੜੇ ਦੇ ਪਰਿਵਾਰ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਉਨ੍ਹਾਂ ਤੋਂ ਦਾਜ ਵਿੱਚ 65 ਲੱਖ ਰੁਪਏ ਮੰਗੇ ਸਨ।
ਸ੍ਰੀ ਮਹਿੰਦੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਫ਼ਕੀਰਪੁਰਾ ਦੇ ਕਮਰ ਹੈਦਰ ਦੇ ਪੁੱਤਰ ਨਾਲ ਹੋਣਾ ਤੈਅ ਹੋਇਆ ਸੀ। ਸਾਰੇ ਰਿਸ਼ਤੇਦਾਰ ਤੇ ਹੋਰ ਜਾਣਕਾਰ ਬਰਾਤ ਦੀ ਉਡੀਕ ਕਰ ਰਹੇ ਸਨ। ‘ਜਦੋਂ ਸਮੇਂ ਸਿਰ ਕੋਈ ਨਾ ਅੱਪੜਿਆ, ਤਾਂ ਮੈਂ ਲਾੜੇ ਦੇ ਪਿਤਾ ਨੂੰ ਫ਼ੋਨ ਕੀਤਾ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤਾਂ ਰਿਸ਼ਤਾ ਤੋੜ ਦਿੱਤਾ ਹੈ।`
ਅਮਰੋਹ ਦੇ ਅੇੱਸਪੀ ਵਿਪਿਨ ਤਾੜਾ ਨੇ ਦੱਸਿਆ ਕਿ ਲਾੜੇ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਰਿਸ਼ਤਾ ਉਨ੍ਹਾਂ ਨੇ ਹੀ ਤੋੜਿਆ ਹੈ ਕਿਉਂਕਿ ਕੁੜੀ ਨੂੰ ਵ੍ਹਟਸਐੱਪ ਵਰਤਣ ਦੀ ਬਹੁਤ ਜਿ਼ਆਦਾ ਆਦਤ ਹੈ ਤੇ ਉਹ ਵਿਆਹ ਤੋਂ ਪਹਿਲਾਂ ਹੀ ਆਪਣੇ ਸਹੁਰੇ ਪਰਿਵਾਰ `ਚ ਸਾਰਿਆਂ ਨੂੰ ਬਹੁਤ ਸਾਰੇ ਸੁਨੇਹੇ ਭੇਜਦੀ ਰਹੀ ਹੈ।