ਸ਼ਰਾਬੀ ਅਤੇ ਕੁੱਟਮਾਰ ਕਰਨ ਵਾਲੇ ਪਤੀ ਤੋਂ ਛੁੱਟਕਾਰਾ ਪਾਉਣ ਅਤੇ ਚੋਰੀ ਦਾ ਬੱਚਾ ਪ੍ਰੇਮੀ ਦਾ ਦੱਸ ਕੇ ਵਿਆਹ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਇਕ ਵਿਆਹੁਤਾ ਔਰਤ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਰੰਗੇ ਹੱਥੀ ਫੜੇ ਜਾਣ ਮਗਰੋਂ ਦੋਸ਼ੀ ਔਰਤ ਨੇ ਪੁਲਿਸ ਸਾਹਮਣੇ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਜਾਣਕਾਰੀ ਮੁਤਾਬਕ ਹਰਿਆਣਾ ਦੇ ਫਤਿਹਾਬਾਦ ਦੇ ਸਿਵਲ ਹਸਪਤਾਲ ਤੋਂ 3 ਦਿਨ ਦਾ ਬੱਚਾ ਚੋਰੀ ਕਰਨ ਵਾਲੀ ਉਕਤ ਔਰਤ ਸ਼ਰਣਜੀਤ ਨੇ ਪੁਲਿਸ ਨੂੰ ਦਸਿਆ ਕਿ ਉਹ ਵਿਆਹਾਂ ਸਮਾਗਮਾਂ ਚ ਰੋਟੀਆਂ ਬਣਾਉਣ ਦਾ ਕੰਮ ਕਰਦੀ ਹੈ ਜਦਕਿ ਉਸਦਾ ਪਤੀ ਇਕ ਨੰਬਰ ਦਾ ਸ਼ਰਾਬੀ ਹੈ ਤੇ ਰੋਜ਼ਾਨਾ ਹੀ ਉਸ ਨਾਲ ਕੁੱਟਮਾਰ ਕਰਦਾ ਹੈ ਜਿਸ ਕਾਰਨ ਉਹ ਉਸ ਤੋਂ ਦੁਖੀ ਹੋ ਕੇ ਛੁੱਟਕਾਰਾ ਪਾਉਣਾ ਚਾਹੁੰਦੀ ਸੀ।
ਸ਼ਰਣਜੀਤ ਨੇ ਅੱਗੇ ਦਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਕ ਹਲਵਾਈ ਰਾਜਕੁਮਾਰ ਉਰਫ ਰਾਜੇਸ਼ ਨਾਲ ਉਸਦਾ ਪਿਆਰ ਪੈ ਗਿਆ। ਉਸ ਨੇ ਰਾਜੇਸ਼ ਤੇ ਵਿਆਹ ਦਾ ਦਬਾਅ ਬਣਾਉਣ ਲਈ ਹਸਪਤਾਲ ਤੋਂ 3 ਦਿਨਾਂ ਦਾ ਬੱਚਾ ਚੋਰੀ ਕਰ ਲਿਆ ਤੇ ਰਾਜੇਸ਼ ਨੂੰ ਜਾ ਕੇ ਕਿਹਾ ਕਿ ਇਹ ਬੱਚਾ ਰਾਜੇਸ਼ ਅਤੇ ਉਸ ਦੇ ਪਿਆਰ ਦਾ ਸਬੂਤ ਹੈ।
ਹਾਲਾਂਕਿ ਰਾਜੇਸ਼ ਨੇ ਇਸ ਬੱਚੇ ਦੇ ਹੋਣ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਕੋਲੋਂ ਸੱਚਾਈ ਕਬੂਲ ਕਰਵਾ ਲਈ। ਇਸ ਦੌਰਾਨ ਰਾਜੇਸ਼ ਸ਼ਰਣਜੀਤ ਨੂੰ ਟੋਹਾਲਾ ਛੱਡ ਗਿਆ।
ਪੁਲਿਸ ਮੁਤਾਬਕ ਸ਼ਰਣਜੀਤ ਨੇ ਮੰਗਲਵਾਰ ਨੂੰ ਹਸਪਤਾਲ ਤੋਂ ਤੜਕੇ 5 ਵਜੇ ਬੱਚਾ ਚੋਰੀ ਕੀਤਾ ਸੀ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਦੀ ਤਫ਼ਦੀਸ਼ ਦੌਰਾਨ ਸ਼ਰਣਜੀਤ ਫੜੀ ਗਈ ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
.