ਖ਼ੁਫ਼ੀਆ ਬਿਊਰੋ (IB) ਨੇ ਭਾਰਤ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਪਾਕਿਸਤਾਨੀ ਫ਼ੌਜਾਂ ਰਾਜਸਥਾਨ ਨੇੜੇ ਭਾਰਤ–ਪਾਕਿਸਤਾਨ ਸਰਹੱਦ ਨੇੜੇ ਇਕੱਠੀਆਂ ਹੋ ਰਹੀਆਂ ਹਨ। ਬਿਊਰੋ ਦਾ ਮੰਨਣਾ ਹੈ ਕਿ ਪਾਕਿਸਤਾਨ ਵੱਲੋਂ ਕਿਸੇ ਵੱਡੀ ਕਾਰਵਾਈ ਦੀ ਯੋਜਨਾ ਹੈ ਤੇ ਉਸ ਨੇ ਇੱਕ ‘ਵਾਂਟੇਡ’ ਦਹਿਸ਼ਤਗਰਦ ਅਤੇ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਵੀ ਚੁੱਪ–ਚੁਪੀਤੇ ਰਿਹਾਅ ਕਰ ਦਿੱਤਾ ਹੈ।
‘ਹਿੰਦੁਸਤਾਨ ਟਾਈਮਜ਼’ ਨੂੰ ਇਹ ਸਾਰੀ ਗੁਪਤ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਹੈ। ਖ਼ੁਫ਼ੀਆ ਸੂਚਨਾ ਮੁਤਾਬਕ ਪਾਕਿਸਤਾਨ ਵੱਲੋਂ ਆਉਂਦੇ ਕੁਝ ਦਿਨਾਂ ਦੌਰਾਨ ਸਿਆਲਕੋਟ–ਜੰਮੂ ਅਤੇ ਰਾਜਸਥਾਨ ਸੈਕਟਰਾਂ ਵਿੱਚ ਕੋਈ ਵੱਡੀ ਕਾਰਵਾਈ ਕਰਨ ਦੀ ਯੋਜਨਾ ਹੈ। ਅਜਿਹਾ ਉਹ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕੀਤੇ ਜਾਣ ਦੇ ਵਿਰੋਧ ਵਿੱਚ ਕਰ ਰਿਹਾ ਹੈ।
ਧਾਰਾ–370 ਵਿੱਚ ਵਿਵਸਥਾ ਸੀ ਕਿ ਜਿਹੜਾ ਵਿਅਕਤੀ ਜੰਮੂ–ਕਸ਼ਮੀਰ ਦਾ ਰਿਹਾਇਸ਼ੀ ਨਾਗਰਿਕ ਨਹੀਂ ਹੈ, ਉਹ ਇਸ ਸੂਬੇ ਵਿੱਚ ਕੋਈ ਜਾਇਦਾਦ ਨਹੀਂ ਖ਼ਰੀਦ ਸਕਦਾ ਅਤੇ ਨਾ ਹੀ ਸੂਬੇ ’ਚ ਆ ਕੇ ਕੋਈ ਸਰਕਾਰੀ ਨੌਕਰੀ ਹਾਸਲ ਕਰ ਸਕਦਾ ਹੈ।
ਇਸ ਖ਼ੁਫ਼ੀਆ ਜਾਣਕਾਰੀ ਬਾਰੇ ਸੀਮਾ ਸੁਰੱਖਿਆ ਬਲ (BSF) ਅਤੇ ਜੰਮੂ ਅਤੇ ਰਾਜਸਥਾਨ ’ਚ ਤਾਇਨਾਤ ਫ਼ੌਜੀ ਬਟਾਲੀਅਨਾਂ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ ਹੈ। ਹੁਣ ਅਗਲੇ ਦਿਨਾਂ ਦੌਰਾਨ ਪਾਕਿਸਤਾਨੀ ਫ਼ੌਜ ਕੋਈ ਵੀ ਕਾਰਵਾਈ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਧਮਕੀ ਦਿੱਤੀ ਸੀ ਕਿ ਜੰਮੂ–ਕਸ਼ਮੀਰ ’ਚ ਭਾਰਤ ਦੀਆਂ ਕਾਰਵਾਈਆਂ ਦਾ ਹਰ ਸੰਭਵ ਜਵਾਬ ਦਿੱਤਾ ਜਾਵੇਗਾ।