ਕੋਰੋਨਾ ਵਾਇਰਸ ਦੇ ਲਗਾਤਾਰ ਸਾਹਮਣੇ ਆਉਂਦੇ ਮਾਮਲਿਆਂ ਦੇ ਚੱਲਦਿਆਂ ਜੰਮੂ–ਕਸ਼ਮੀਰ ’ਚ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੰਮੂ–ਕਸ਼ਮੀਰ ਤੋਂ ਆਉਣ ਤੇ ਜਾਣ ਵਾਲੀਆਂ ਸਾਰੀਆਂ ਅੰਤਰ–ਰਾਜੀ ਬੱਸਾਂ ਦੀ ਆਵਾਜਾਈ ਵੀ ਰੋਕ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਵੈਸ਼ਨੋ ਦੇਵੀ ਤੀਰਥ ਦਾ ਪ੍ਰਬੰਧ ਕਰਨ ਵਾਲੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ (SMVDSB) ਨੇ ਐਤਵਾਰ ਨੂੰ ਇੱਕ ਐਡਵਾਇਜ਼ਰੀ ਜਾਰੀ ਕਰ ਕੇ ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ੀਆਂ ਨੂੰ ਭਾਰਤ ਆਉਣ ਦੇ 28 ਦਿਨ ਬਾਅਦ ਤੱਕ ਮੰਦਰ ਨਾ ਆਉਣ ਲਈ ਕਿਹਾ ਸੀ। ਬੋਰਡ ਨੇ ਉਨ੍ਹਾਂ ਘਰੇਲੂ ਸ਼ਰਧਾਲੂਆਂ, ਜਿਨ੍ਹਾਂ ਵਿੱਚ ਖੰਘ, ਬੁਖ਼ਾਰ ਤੇ ਸਾਹ ਲੈਣ ਵਿੱਚ ਪਰੇਸ਼ਾਨੀ ਦੇ ਲੱਛਣ ਹਨ; ਉਨ੍ਹਾਂ ਨੂੰ ਵੀ ਆਪਣੀ ਯਾਤਰਾ ਮੁਲਤਵੀ ਕਰਨ ਲਈ ਕਿਹਾ ਸੀ।
ਬੋਰਡ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਅਹਿਤਿਆਤ ਵਜੋਂ ਕਦਮ ਚੁੱਕੇ ਗਏ ਹਨ। ਮੰਦਰ ਪ੍ਰਸ਼ਾਸਨ ਕੜਾ ਤੋਂ ਮਾਂ ਦੇ ਭਵਨ ਤੱਕ ਦੇ ਰਾਹ ਵਿੱਚ ਲੱਗੀ ਬਹੁ–ਉਦੇਸ਼ੀ ਆੱਡੀਓ ਪ੍ਰਣਾਲੀ ਰਾਹੀਂ ਕੋਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਸੰਦੇਸ਼ ਪ੍ਰਸਾਰਿਤ ਕਰ ਰਿਹਾ ਹੈ।
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰੇਕ ਯਾਤਰੀ ਦਾ ਤਾਰਾਕੋਟ, ਬਾਣਗੰਗਾ ਤੇ ਹੈਲੀਪੈਡ ਉੱਤੇ ਬੁਖ਼ਾਰ ਦੀ ਜਾਂਚਾ ਕੀਤੀ ਜਾਵੇਗੀ।
ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੁਣ ਵਧ ਕੇ 148 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ਕੋਰੋਨਾ ਵਾਇਰਸ ਦੀ ਛੂਤ ਦੇ 10 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਘਾਤਕ ਵਾਇਰਸ ਤੋਂ ਗ੍ਰਸਤ ਲੋਕਾਂ ਦੀ ਗਿਣਤੀ ਵਧ ਕੇ 148 ਹੋ ਗਈ ਹੈ; ਜਦ ਕਿ ਸਮੁੱਚੇ ਵਿਸ਼ਵ ’ਚ ਇਹ ਗਿਣਤੀ ਵਧ ਕੇ 1 ਲੱਖ 98 ਹਜ਼ਾਰ 518 ਹੋ ਗਈ ਹੈ।
ਭਾਰਤ ’ਚ ਕੋਰੋਨਾ ਵਾਇਰਸ ਹੁਣ ਤੱਕ ਤਿੰਨ ਜਾਨਾਂ ਲੈ ਚੁੱਕਾ ਹੈ। ਇਨ੍ਹਾਂ ’ਚੋਂ ਪਹਿਲੀ ਮੌਤ ਕਰਨਾਟਕ ਦੇ ਗੁਲਬਰਗਾ, ਦੂਜੀ ਦਿੱਲੀ ਤੇ ਤੀਜੀ ਮੌਤ ਮੁੰਬਈ ’ਚ ਹੋਈ ਹੈ।