ਦਿੱਲੀ ਨਾਲ ਲੱਗਦੇ ਸ਼ਹਿਰ ਗੁਰੂਗ੍ਰਾਮ ਸਥਿਤ ਮੇਦਾਂਤਾ ਮੈਡੀ–ਸਿਟੀ ਹਸਪਤਾਲ ਵਿੱਚ ਅੱਜ ਜੰਮੂ–ਕਸ਼ਮੀਰ (J & K) ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਆਪਰੇਸ਼ਨ ਹੋਇਆ।
ਪ੍ਰਾਪਤ ਜਾਣਕਾਰੀ ਮੁਤਾਬਕ ਮਹਿਬੂਬਾ ਮੁਫ਼ਤੀ ਦੇ ਪਿੱਤੇ (ਗਾਲ–ਬਲੈਡਰ) ਵਿੱਚ ਪਥਰੀ ਦੀ ਸ਼ਿਕਾਇਤ ਸੀ। ਉਨ੍ਹਾਂ ਨੂੰ ਕੱਲ੍ਹ ਸ਼ੁੱਕਰਵਾਰ ਸ਼ਾਮੀਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਅੱਜ ਸਨਿੱਚਰਵਾਰ ਸਵੇਰੇ 11 ਵਜੇ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ। ਜਨਰਲ ਸਰਜਨ ਡਾ. ਆਦਰਸ਼ ਚੌਧਰੀ ਦੀ ਅਗਵਾਈ ਹੇਠ ਡਾਕਟਰਾਂ ਦੀ ਇੱਕ ਟੀਮ ਨੇ ਇਹ ਆਪਰੇਸ਼ਨ ਕੀਤਾ।
ਇਹ ਵੀ ਪਤਾ ਲੱਗਾ ਹੈ ਕਿ ਮਹਿਬੂਬਾ ਮੁਫ਼ਤੀ ਆਪਰੇਸ਼ਨ ਤੋਂ ਬਾਅਦ ਇਸ ਵੇਲੇ ਆਈਸੀਯੂ (ICU) ’ਚ ਜ਼ੇਰੇ ਇਲਾਜ ਹਨ। ਉਹ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਆਉਂਦੇ ਰਹੇ ਹਨ।
ਹੁਣ ਜਦੋਂ ਉਨ੍ਹਾਂ ਦੀ ਪਰੇਸ਼ਾਨੀ ਵਧ ਗਈ, ਤਦ ਉਨ੍ਹਾਂ ਨੂੰ ਇੱਥੇ ਦਾਖ਼ਲ ਹੋਣਾ ਪਿਆ। ਡਾਕਟਰਾਂ ਨੇ ਉਨ੍ਹਾਂ ਨੂੰ ਆਪਰੇਸ਼ਨ ਦੀ ਸਲਾਹ ਦਿੱਤੀ ਸੀ।