ਮਾਨਸੂਨ ਤੋਂ ਪਹਿਲਾਂ (ਪ੍ਰੀ–ਮਾਨਸੂਨ) ਕਈ ਸੂਬਿਆਂ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਐਤਵਾਰ ਨੂੰ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਤੇਜ਼ ਵਰਖਾ ਪਈ।
ਪਰ ਦਿੱਲੀ ਦੇ ਪਾਲਮ ਤੇ ਆਇਆਨਗਰ ਇਲਾਕੇ ਵਿੱਚ ਐਤਵਾਰ ਨੂੰ ਤਾਪਮਾਨ ਵੱਧ ਤੋਂ ਵੱਧ 46 ਡਿਗਰੀ ਤੋਂ ਉਤਾਂਹ ਪੁੱਜ ਗਿਆ। ਕਈ ਹੋਰ ਹਿੱਸਿਆਂ ਵਿੱਚ ਪਾਰਾ 45 ਡਿਗਰੀ ਤੋਂ ਵੱਧ ਰਿਹਾ। ਦਿਨ ਵਿੱਚ ਲੂ ਚੱਲਦੀ ਰਹੀ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਤਾਪਮਾਨ ਵਿੱਚ ਕੁਝ ਕਮੀ ਆ ਸਕਦੀ ਹੈ। ਵਿਭਾਗੀ ਬੁਲਾਰੇ ਨੇ ਦੱਸਿਆ ਕਿ ਪ੍ਰੀ–ਮਾਨਸੂਨ ਦੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਮੌਸਮ ਵਿੱਚ ਤਬਦੀਲੀ ਵੇਖੀ ਜਾ ਰਹੀ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ਭਾਰੀ ਮੀਂਹ ਤੇ ਝੱਖੜ ਝੁੱਲਣ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਹਿਮਾਚਲ ਪ੍ਰਦੇਸ਼ ਦੇ ਦੂਰ–ਦੁਰਾਡੇ ਇਲਾਕਿਆਂ ਵਿੱਚ ਪਏ ਮੀਂਹ ਦੇ ਬਾਵਜੂਦ ਗਰਮੀ ਤੋਂ ਕੋਈ ਬਹੁਤੀ ਰਾਹਤ ਨਹੀਂ ਮਿਲੀ ਹੈ। ਸੂਬੇ ਦੇ ਕਾਲਪਾ ਵਿਖੇ ਚਾਰ ਮਿਲੀਮੀਟਰ ਮੀਂਹ ਪਿਆ, ਡਲਹੌਜ਼ੀ ’ਚ ਤਿੰਨ ਮਿਲੀਮੀਟਰ, ਕੁਫ਼ਰੀ ਵਿੱਚ ਇੱਕ ਮਿਲੀ ਮੀਟਰ, ਭੁੰਤਰ ’ਚ 0.6 ਮਿਲੀਮੀਟਰ ਵਰਖਾ ਦਰਜ ਕੀਤੀ ਗਈ।
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਮੇਤ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਹਲਕਾ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼, ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਲੂ ਤੋਂ ਰਾਹਤ ਦੇ ਆਸਾਰ ਘੱਟ ਹੀ ਹਨ।