ਦੇਸ਼ `ਚ ਚਲ ਰਹੀ ਮੀ ਟੂ ਮੁਹਿੰਮ `ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਸਾਰੀਆਂ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਨੂੰ ਪੱਤਰ ਲਿਖਕੇ ਪਾਰਟੀਆਂ ਦੇ ਅੰਦਰ ਜਿਨਸੀ ਸੋਸ਼ਣ ਮਾਮਲਿਆਂ ਨੂੰ ਦੇਖਣ ਵਾਸਤੇ ਅੰਦਰੂਨੀ ਸਿ਼ਕਾਇਤ ਕਮੇਟੀ ਦਾ ਗਠਨ ਕਰਨ ਲਈ ਕਿਹਾ ਹੈ।
ਮੇਨਕਾ ਗਾਂਧੀ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ `ਚ ਕੰਮ ਕਰ ਰਹੀਆਂ ਮਹਿਲਾਵਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਉਹ ਇਸ ਤੋਂ ਪਹਿਲਾਂ ਮੀ ਟੂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਨ ਲਈ ਇਕ ਕਮੇਟੀ ਦਾ ਪ੍ਰਸਤਾਵ ਕਰ ਚੁੱਕੀ ਹੈ। ਪ੍ਰੰਤੂ ਇਸ ਕਮੇਟੀ ਨੂੰ ਅਜੇ ਤੱਕ ਪੀਐਮਓ ਨੇ ਹਰੀ ਝੰਡੀ ਨਹੀਂ ਦਿੱਤੀ।
ਰਾਜਨੀਤਿਕ ਪਾਰਟੀਆਂ ਨੂੰ ਲਿਖੇ ਗਏ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਨਕਾ ਗਾਂਧੀ ਨੇ ਕਿਹਾ ਕਿ ਮੈਂ ਸਾਰੀਆਂ ਮਾਨਤਾ ਪ੍ਰਾਪਤ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਦੇ ਪ੍ਰਧਾਨਾਂ, ਮੁੱਖੀਆਂ ਨੂੰ ਅਪੀਲ ਕੀਤੀ ਹੈ ਕਿ ਅੰਦਰੂਨੀ ਸਿ਼ਕਾਇਤ ਕਮੇਟੀ ਦਾ ਗਠਨ ਕਰਨ, ਕਿਉਂਕਿ ਕੰਮ ਵਾਲੇ ਸਥਾਨ `ਤੇ ਯੌਨ ਉਤਪੀੜਨ ਵਿਰੋਧੀ ਕਾਨੂੰਨ ਦੇ ਤਹਿਤ ਇਹ ਜ਼ਰੂਰੀ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੀ ਵੈਬਸਾਈਟ `ਤੇ ਅੰਦਰੂਨੀ ਕਮੇਟੀ ਦੀ ਸੂਚਨਾ ਦੇਣ ਨੂੰ ਕਿਹਾ ਹੈ।
ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਆਪਣੇ ਦਫ਼ਤਰਾਂ `ਚ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ, ਇਨ੍ਹਾਂ `ਚ ਮਹਿਲਾਵਾਂ ਵੀ ਸ਼ਾਮਲ ਹੁੰਦੀਆਂ ਹਨ। ਇਹ ਸਾਡਾ ਫਰਜ਼ ਹੈ ਕਿ ਅਸੀਂ ਮਹਿਲਾਵਾਂ ਲਈ ਕੰਮਕਾਜ ਲਈ ਸੁਰੱਖਿਅਤ ਮਾਹੌਨ ਯਕੀਨੀ ਕਰੀਏ। ਉਨ੍ਹਾਂ ਇਸ ਸਬੰਧੀ 2013 ਦੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਸ ਨੂੰ ਲਾਗੂ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ। ਸਰਕਾਰ ਤੋਂ ਇਲਾਵਾ ਨਿੱਜੀ ਖੇਤਰ `ਚ ਕਮੇਟੀ ਬਣਾਉਣ ਅਤੇ ਇਸ ਨੂੰ ਲਾਗੂ ਕਰਨ ਦੀ ਸਾਲਾਨਾ ਰਿਪੋਰਟ `ਚ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੇਨਕਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਜਿਨਸੀ ਸੋਸ਼ਣ ਰੋਕਣ ਲਈ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਲਈ ਟ੍ਰੇਨਿੰਗ ਦਾ ਵੀ ਪ੍ਰਬੰਧ ਕਰਦਾ ਹੈ। ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕਮੇਟੀ ਦਾ ਗਠਨ ਨਹੀਂ ਕੀਤਾ ਤਾਂ ਛੇਤੀ ਤੋਂ ਛੇਤੀ ਇਸ `ਤੇ ਅਮਲ ਕਰਦੇ ਹੋਏ ਰਿਕਾਰਡ ਲਈ ਉਨ੍ਹਾਂ ਨੂੰ ਵੀ ਜਾਣੂ ਕਰਾਉਣ।