ਵਿਸ਼ਵ–ਪ੍ਰਸਿੱਧ ਅਮਰੀਕੀ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸ੍ਰੀ ਸੱਤਿਆ ਨਾਡੇਲਾ ਦੇ ਪਿਤਾ ਤੇ ਭਾਰਤ ਦੇ ਸਾਬਕਾ ਆਈਏਐੱਸ ਅਧਿਕਾਰੀ ਬੀਐੱਨ ਯੁਗਾਂਧਰ ਦਾ ਕੱਲ੍ਹ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ। ਸ੍ਰੀ ਯੁਗਾਂਧਰ ਨਾਡੇਲਾ ਨੇ ਪ੍ਰਧਾਨ ਮੰਤਰੀ ਦਫ਼ਤਰ ਤੇ ਮਸੂਰੀ ’ਚ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ ਸਨ।
ਸਾਬਕਾ ਆਈਏਐੱਸ ਅਧਿਕਾਰੀ ਦਾ ਦੇਹਾਂਤ ਕੱਲ੍ਹ ਦੁਪਹਿਰ ਨੂੰ ਹੋਇਆ। ਉਨ੍ਹਾਂ ਦੱਸਿਆ ਕਿ ਸ੍ਰੀ ਯੁਗਾਂਧਰ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀ਼ ਚੱਲ ਰਹੀ ਸੀ। ਉਨ੍ਹਾਂ ਦੀ ਪਤਨੀ ਦਾ ਦੇਹਾਂਤ ਪਹਿਲਾਂ ਹੀ ਹੋ ਚੁੱਕਾ ਹੈ। ਉਨ੍ਹਾਂ ਦੀ ਇਕਲੌਤੀ ਸੰਤਾਨ ਸ੍ਰੀ ਸੱਤਿਆ ਨਾਡੇਲਾ ਹੀ ਹਨ।
1962 ਬੈਚ ਦੇ IAS ਅਧਿਕਾਰੀ ਸ੍ਰੀ ਯੁਗਾਂਧਰ ਨੇ ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ’ਚ ਸਕੱਤਰ ਵਜੋਂ ਵੀ ਸੇਵਾਵਾਂ ਦਿੱਤੀਆਂ ਸਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਯੋਜਨਾ ਕਮਿਸ਼ਨ (ਜਿਸ ਨੂੰ ਹੁਣ ਨੀਤੀ ਆਯੋਗ ਆਖਦੇ ਹਨ) ਦੇ ਮੈਂਬਰ ਵਜੋਂ ਉਨ੍ਹਾਂ ਨੇ ਯੋਜਨਾ ਵਿੱਚ ਅਸਮਰੱਥ ਲੋਕਾਂ ਪ੍ਰਤੀ ਮਾਮਲਿਆਂ ਉੱਤੇ ਪੂਰਾ ਅਧਿਆਇ ਸ਼ਾਮਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਤੇਲੰਗਾਨਾ ਦੇ ਮੁੱਖ ਸਕੱਤਰ ਐੱਸਕੇ ਜੋਸ਼ੀ ਨੇ ਸ੍ਰੀ ਯੁਗਾਂਧਰ ਦੇ ਦੇਹਾਂਤ ਉੱਤੇ ਸ਼ੋਕ ਪ੍ਰਗਟਾਉਂਦਿਆਂ ਦੱਸਿਆ ਕਿ ਉਹ ਆਈਏਐੱਸ ਅਧਿਕਾਰੀਆਂ ਦੇ ਮੋਹਰੀ ਸਨ ਤੇ ਸਿਵਲ ਸੇਵਾ ਨਾਲ ਸਬੰਧਤ ਸਮੂਹ ਅਧਿਕਾਰੀਆਂ ਦੇ ਤਾਜ ਵਿੱਚ ਇੱਕ ਹੀਰੇ ਸਮਾਨ ਸਨ।