ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦਾ ਪ੍ਰਮੁੱਖ ਹਸਤਾਖਰ - ਸੁਰਿੰਦਰ ਕੈਲੇ

ਮਿੰਨੀ ਕਹਾਣੀ ਦਾ ਪ੍ਰਮੁੱਖ ਹਸਤਾਖਰ - ਸੁਰਿੰਦਰ ਕੈਲੇ

ਮਿੰਨੀ ਕਹਾਣੀ ਦੇ ਵੱਡੇ ਸਿਰਜਕ – 2

 

ਸੁਰਿੰਦਰ ਕੈਲੇ ਪੰਜਾਬੀ ਸਾਹਿਤ ਵਿੱਚ ਜਾਣਿਆ ਪਹਿਚਾਣਿਆ ਨਾਂ ਹੈ। ਪੰਜਾਬੀ ਮਿੰਨੀ ਕਹਾਣੀ ਵਿਚ ਜਿੱਥੇ ਕੈਲੇ ਦਾ ਨਿੱਗਰ ਯੋਗਦਾਨ ਹੈ, ਉੱਥੇ ਪਿਛਲੇ 48 ਸਾਲਾਂ ਤੋਂ ‘ਅਣੂ’ ਵਰਗਾ ਨਿਵਕੇਲਾ ਪਰਚਾ ਲਗਾਤਾਰ ਕੱਢਣਾ ਵੀ ਇਨਾਂ ਦੇ ਹਿੱਸੇ ਆਇਆ ਹੈ। ਭਾਵੇਂ ਇਹ ਕਲਕੱਤੇ ਵਿਚ ਹੋਣ ਜਾ ਪੰਜਾਬ ਵਿੱਚ ਪਰ ਇੰਨਾਂ ਨੇ ਪੰਜਾਬੀ ਮਾਂ - ਬੋਲੀ ਦੀ ਪ੍ਰਗਤੀ ਲਈ ਆਪਣੇ ਯਤਨ ਨਿਰੰਤਰ ਜਾਰੀ ਰੱਖੇ ਹਨ।

 

 

ਆਪਣੇ ਪਿੰਡ ਦੀ ਦਸ ਸਾਲ ਸਫਲਤਾ ਪੂਰਵਕ ਸਰਪੰਚੀ ਕਰਕੇ ਭਾਵੇਂ ਰਾਜਨੀਤੀ ਵਿਚ ਸਰਗਰਮ ਹੋਏ ਪਰ ਪੰਜਾਬੀ ਸਾਹਿਤ ਜਗਤ ਤੋਂ ਇੰਨਾਂ ਨੇ ਮੋਹ ਭੰਗ ਨਹੀਂ ਕੀਤਾ, ਸਗੋਂ ਯਾਰਾਂ ਦੋਸਤਾਂ ਨਾਲ ਮਿਲ ਕੇ ਪਿੰਡ ਵਿੱਚ ਜਿੱਥੇ ਲਾਇਬਰੇਰੀ ਸ਼ੁਰੂ ਕਰਵਾਈ ਉੱਥੇ ਕਈ ਪੁਸਤਕਾਂ ਦਾ ਸੰਪਾਦਨ ਕਾਰਜ ਵੀ ਕੀਤਾ।

 


ਸੁਰਿੰਦਰ ਕੈਲੇ ਦਾ ਜਨਮ 15.11.1947 ਨੂੰ ਪਿੰਡ ਬੁਟਾਹਰੀ ਜਿਲਾ ਲੁਧਿਆਣਾ ਵਿਖੇ ਹੋਇਆ। ਬੀ.ਕਾੱਮ ਦੀ ਪੜਾਈ ਪ੍ਰਾਪਤ ਕਰਕੇ ਇਨਾਂ ਨੇ  ਆਪਣਾ ਉਦਯੋਗ ਸਥਾਪਿਤ ਕੀਤਾ।

 


ਹੁਣ ਤੱਕ ਇਨਾਂ ਦੇ ਪੰਜ ਮਿੰਨੀ ਕਹਾਣੀ ਸੰਗ੍ਰਹਿ ‘ਪੂਰਬ ਦੀ ਲੋਅ’, ‘ਕੂੰਜਾਂ ਦੀ ਡਾਰ’, ‘ਬੇਕਾਰ ਘੋੜਾ’, ‘ਕਦਮ-ਦਰ-ਕਦਮ’ ਤੇ ‘ਸੂਰਜ ਦਾ ਪ੍ਰਛਾਵਾਂ’ ਪ੍ਰਕਾਸ਼ਿਤ ਹੋ ਚੁੱਕੇ ਹਨ। ਇਕ ਕਹਾਣੀ ਸੰਗ੍ਰਹਿ ‘ਧੁੰਦ ਛਟਣ ਤੋਂ ਬਾਅਦ’ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਮਿੰਨੀ ਕਹਾਣੀਆਂ, ਕਾਵਿ ਸੰਗ੍ਰਹਿ ਤੇ ਨਾਟਕ ਪੁਸਤਕਾਂ ਦਾ ਸੰਪਾਦਨ ਕਾਰਜ ਵੀ ਕਰ ਚੁੱਕੇ ਹਨ। ‘ਸੂਰਜ ਦਾ ਪ੍ਰਛਾਵਾਂ’ ਮਿੰਨੀ ਕਹਾਣੀ ਸੰਗ੍ਰਹਿ ਦਾ ਹਿੰਦੀ ਵਿਚ ਅਨੁਵਾਦ ਸ਼੍ਰੀ ਯੋਗਰਾਜ ਪ੍ਰਭਾਕਰ ਵੱਲੋਂ ਕੀਤਾ ਗਿਆ ਹੈ।

 


ਸਾਹਿਤਕ ਪ੍ਰਾਪਤੀਆਂ ਸਦਕਾ ਇਨਾਂ ਨੂੰ ਪਾਠਕ ਲੇਖਕ ਸੰਘ ਰਾਮਪੁਰਾ ਫੂਲ ਵੱਲੋਂ, ਪੰਜਾਬੀ ਲਿਟਰੇਰੀ ਐਂਡ ਕਲਚਰ ਐਸੋਸੀਏਸ਼ਨ ਦਿੱਲੀ ਵੱਲੋਂ, ਦਿੱਲੀ ਦਾ ਪ੍ਰੇਰਣਾ ਐਵਾਰਡ, ਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਲਘੂ ਕਥਾ ਕਿਰਨ ਸਨਮਾਨ, ਸ੍ਰ. ਮੇਹਰ ਸਿੰਘ ਰਵੇਲ ਮੈਮੋਰੀਅਲ ਪੰਜਾਬੀ ਪੱਤਰਕਾਰ ਐਵਾਰਡ (2004), ਕੇਂਦਰੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ ਵੱਲੋਂ ‘ਸ਼੍ਰੀਮਤੀ ਮਾਨ ਕੌਰ ਯਾਦਗਾਰੀ ਪੁਰਸਕਾਰ’ ਅਤੇ ‘ਮਾਤਾ ਵਿੱਦਿਆ ਦੇਵੀ ਕਾਲੜਾ ਯਾਦਗਾਰੀ ਸਨਮਾਨ’ ਵੀ ਮਿਲ ਚੁੱਕੇ ਹਨ।

 


ਇਨਾਂ ਦੁਆਰਾ ਪੰਜਾਬੀ ਦੀ ਪਹਿਲੀ ਤੇ ਇਕੋ ਇਕ ਮਿੰਨੀ ਰਚਨਾਵਾਂ ਦੀ ਜੇਬੀ ਪੱਤਿ੍ਰਕਾ ‘ਅਣੂ’ ਦੀ ਪ੍ਰਕਾਸ਼ਨਾ ਅਤੇ ਸੰਪਾਦਨਾ 1972 ਤੋਂ ਕਲਕੱਤੇ ਤੋਂ ਸ਼ੁਰੂ ਕੀਤੀ ਅਤੇ ਅੱਜ ਤੱਕ ਜਾਰੀ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿਚ ਵੱਖ ਵੱਖ ਅਹਦਿਆਂ ਤੇ ਵਿਚਰਦਿਆ ਪੰਜਾਬੀ ਸਾਹਿਤ ਤੇ ਮਿੰਨੀ ਕਹਾਣੀ ਲਈ ਵਿਸ਼ੇਸ਼ ਕਾਰਜ ਅਕਸਰ ਹੀ ਕਰਦੇ ਰਹਿੰਦੇ ਹਨ। ‘ਅਣੂ ਕਹਾਣੀਆਂ’ ਨਾਂ ਦੀ ਇੱਕ ਵੱਡ-ਅਕਾਰੀ ਮਿੰਨੀ ਕਹਾਣੀ ਦੀ ਦਸਤਾਵੇਜੀ / ਇਤਿਹਾਸਕ ਪੁਸਤਕ ਦਾ ਸੰਪਾਦਨ ਕਾਰਜ ਕੀਤਾ ਹੈ ਅਤੇ ‘ਪੱਛਮੀ ਪੌਣਾਂ’  ਨਾਂ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਦਾ ਸੰਪਾਦਨ ਕਰਕੇ ਪਾਠਕਾਂ ਦੀ ਲਹਿੰਦੇ ਪੰਜਾਬ ਦੀਆਂ ਮਿੰਨੀ ਕਹਾਣੀਆਂ ਨਾਲ ਵੀ ਸਾਂਝ ਪਵਾਈ ਹੈ।

 


ਸੁਰਿੰਦਰ ਕੈਲੇ ਦੀਆਂ ਮਿੰਨੀ ਕਹਾਣੀਆਂ ਬੁਜ਼ਰਗਾਂ ਦੀ ਦੁਰਦਸ਼ਾ, ਔਰਤ ਦੇ ਅਬਲਾ ਤੋਂ ਸਬਲਾ ਹੋਣ, ਮਜਦੂਰਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਹੋਰ ਸਮਾਜਿਕ ਸਮੱਸਿਆਵਾਂ ਨੂੰ ਦਿ੍ਰਸ਼ਟੀਗੋਚਰ ਕਰਦੀਆਂ ਹਨ। ਸੁਰਿੰਦਰ ਕੈਲੇ ਨੂੰ ਮਿੰਨੀ ਕਹਾਣੀ ਲਿਖਣ ਦੀ ਡੂੰਘੀ ਸਾਂਝ ਹੈ, ਇਸ ਕਾਰਨ ਇਨਾਂ ਦੀਆਂ ਮਿੰਨੀ ਕਹਾਣੀਆਂ ਜੀਵਨ ਦੇ ਸੂਖਮ ਤੋਂ ਅਤਿ ਸੂਖਮ ਪਲ ਨੂੰ ਬਾਖੂਬੀ ਚਿਤਰ ਕੇ ਪਾਠਕ ਮਨ ਨੂੰ ਹਲੂਣਾ ਦੇ ਜਾਂਦੀਆਂ ਹਨ।

 


ਪੰਜਾਬੀ ਮਿੰਨੀ ਕਹਾਣੀ ਲੇਖਕਾਂ ਜਾ ਕਹਿ ਲਓ ਬਹੁਗਿਣਤੀ ਦੇ ਲੇਖਕਾਂ ਨੂੰ ਕਈ ਵਾਰ ਇਹ ਸੁਨਣ ਨੂੰ ਮਿਲਦਾ ਹੈ ਕਿ ਉਨਾਂ ਨੂੰ ਸਾਰੇ ਪਾਸੇ ਸਮਾਜਿਕ ਕੁਹਜ ਹੀ ਨਜ਼ਰ ਆਉਂਦਾ ਹੈ, ਜੋ ਉਨਾਂ ਦੀਆਂ ਰਚਨਾਵਾਂ ਦਾ ਆਧਾਰ ਬਣਦਾ ਹੈ। ਸਮਾਜ ਵਿਚ ਬਹੁਤ ਕੁਝ ਚੰਗਾ ਵੀ ਘਟਿਤ ਹੁੰਦਾ ਹੈ, ਜਿਸਨੂੰ ਵੀ ਰਚਨਾਵਾਂ ਦਾ ਅਧਾਰ ਬਣਾਇਆ ਜਾਣਾ ਚਾਹੀਦਾ ਹੈ। ਕੈਲੇ ਦੀਆਂ ਕਈ ਮਿੰਨੀ ਕਹਾਣੀਆਂ ਸਮਾਜ ਵਿਚ ਵਿਚਰ ਚੰਗੇ ਲੋਕਾਂ ਜਾਂ ਸਾਫ ਸੁਥਰੇ ਕਿਰਦਾਰ ਵਾਲੇ ਲੋਕਾਂ ਦੇ ਸਕਾਰਾਤਮਕ ਪੱਖ ਨੂੰ ਸਾਹਮਣੇ ਲਿਆਉਂਦੀਆਂ ਹਨ। ‘ਦਹੇਜ਼’ ਮਿੰਨੀ ਕਹਾਣੀ ਨੂੰ ਇਸ ਸੰਦਰਭ ਵਿਚ ਵਾਚਿਆ ਜਾ ਸਕਦਾ ਹੈ। ਮਿੰਨੀ ਕਹਾਣੀ ਦੇ ਸ਼ੁਰੂ ਵਿਚ ਭਾਵੇਂ ਸੇਠ ਦੀਨਦਿਆਲ ਸਾਨੂੰ ਇਕ ਖਲਨਾਇਕ ਪਾਤਰ ਲਗਦਾ ਹੈ, ਪ੍ਰੰਤੂ ਆਖਿਰ ਵਿਚ ਜਦੋਂ ਪਾਤਰ ਆਪਣੀ ਸਹੀ ਮੰਸ਼ਾ ਪ੍ਰਗਟ ਕਰਦਾ ਹੈ ਤਾਂ ਉਹ ਇੱਕ ਨਾਇਕ ਬਣ ਜਾਂਦਾ ਹੈ ਤੇ ਉਸ ਦੀ ਸੋਚ ਨੂੰ ਸਲਾਮ ਕਰਨ ਨੂੰ ਜੀਅ ਕਰਦਾ ਹੈ।

 


ਮਨੁੱਖ ਵਿਚੋਂ ਮਨਫ਼ੀ ਹੋ ਰਹੀਆਂ ਮਾਨਵੀ ਸੰਵੇਦਨਾਵਾਂ ਨੂੰ ‘ਸੀਰੀ’ ਮਿੰਨੀ ਕਹਾਣੀ ਵਿਚੋਂ ਦੇਖਿਆ ਜਾ ਸਕਦਾ ਹੈ। ਧਨਾਢ ਲੋਕਾਂ ਲਈ ਕਿਰਤੀ ਵਰਗ ਦੀ ਜਾਨ ਦੀ ਕੋਈ ਬਹੁਤੀ ਵੁੱਕਤ ਨਹੀਂ..ਉਨਾਂ ਦੇ ਬੱਚੇ ਹਿਫਾਜ਼ਤ ਵਿਚ ਰਹਿਣੇ ਚਾਹੀਦੇ ਹਨ। ਕਿਰਤੀ ਮਜਦੂਰ ਦਿਹਾੜੀਦਾਰ ਚਾਹੇ ਰੋਜ਼ ਸਪਰੇਆਂ ਕਰਦੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿਣ। ਮਿੰਨੀ ਕਹਾਣੀ ਵਿਚਲੇ ਇਹ ਡਾਇਲਾਗ ‘ਬਈ ਭਈਏ ਥੋੜੇ ਨੇ ਸਪਰੇਆਂ ਨੂੰ। ਰੱਬ ਨਾ ਕਰੇ ਜੇ ਕੋਈ ਚੰਗੀ ਮਾੜੀ ਹੋ ਜੇ। ਨਾਲੇ ਪੁੱਤ ਕਿਹੜਾ ਲੱਖੀਂ ਹਜਾਰੀਂ ਮਿਲਦੇ ਨੇ।’ ਸਰਮਾਏਦਾਰੀ/ਸੰਵੇਦਨਹੀਣਤਾ ਦਾ ਅਸਲੀ ਕਰੂਰ ਚਿਹਰਾ ਸਾਹਮਣੇ ਲਿਆ ਦਿੰਦੇ ਹਨ।

 


ਸੁਰਿੰਦਰ ਕੈਲੇ ਦੀਆਂ ਮਿੰਨੀ ਕਹਾਣੀਆਂ ਦੇ ਸਿਰਲੇਖ ਤੇ ਸੰਵਾਦ ਪ੍ਰਭਾਵਿਤ ਕਰਦੇ ਹਨ। ਤੁਸੀਂ ਵੀ ਮਾਣੋ ਇਨਾਂ ਦੀਆਂ ਮਿੰਨੀ ਕਹਾਣੀਆਂ ਦਾ ਆਨੰਦ:_


ਦੋ ਕੱਪ ਚਾਹ ਦੇ


‘ਚਾਹ ਵਾਲੇ ਦੋ ਕੱਪ?’


ਜਿਉ ਹੀ ਮੈਂ ਰਮਨਜੀਤ ਦੇ ਘਰ ਦੇ ਗੇਟ ’ਤੇ ਘੰਟੀ ਮਾਰਨ ਲੱਗਿਆ, ਉਹ ਮੈਨੂੰ ਵਰਾਂਡੇ ਵਿਚ ਦਿਖਾਈ ਦਿੱਤੀ।
‘ਰਮਨ. . .।’


‘ਆ ਜਾਓ, ਗੇਟ ਖੁੱਲਾ ਹੀ ਹੈ।’


ਕਹਿੰਦਿਆਂ ਉਸ ਨੇ ਚਾਹ ਵਾਲੇ ਕੱਪ ਚੁੱਕੇ ਤੇ ਅੰਦਰ ਚਲੀ ਗਈ। ਰਮਨਜੀਤ ਕਾਲਜ ਵਿਚ ਮੇਰੀ ਜਮਾਤਨ ਸੀ। ਫਿਰ ਉਸ ਦਾ ਵਿਆਹ ਮੇਰੀ ਰਿਸ਼ਤੇਦਾਰੀ ਵਿਚ ਹੋ ਗਿਆ ਤੇ ਸਾਡੇ ਪਰਿਵਾਰਕ ਰਿਸ਼ਤੇ ਬਣ ਗਏ। ਉਸ ਦਾ ਪਤੀ ਰਾਜਧਾਨੀ ਨੌਕਰੀ ਕਰਦਾ ਹੋਣ ਕਰਕੇ ਕਈ ਕਦਾਈਂ ਹੀ ਆਉਦਾ ਹੈ। ਬੱਚੇ ਹੋਸਟਲ ਵਿਚ ਪਾਏ ਹੋਏ ਹਨ। ਆਪ ਉਹ ਅਧਿਆਪਕ ਹੈ। ਇਸ ਕਰਕੇ ਉਹ ਅਕਸਰ ਘਰ ਇਕੱਲਿਆਂ ਹੀ ਰਹਿੰਦੀ ਹੈ।

 


ਰਮਨਜੀਤ ਦੇ ਸ਼ਹਿਰ, ਕਚਿਹਰੀਆਂ ਵਿਚ ਮੇਰਾ ਇੱਕ ਕੇਸ ਲੱਗਿਆ ਹੋਇਆ ਹੈ। ਤਾਰੀਕ ਵਾਲੇ ਦਿਨ, ਤਾਰੀਕ ਭੁਗਤ ਕੇ ਮੈਂ ਇਸ ਨੂੰ ਮਿਲਣ ਆ ਜਾਂਦਾ ਹਾਂ। ਪਹਿਲੀ ਵਾਰੀ ਚਾਹ ਵਾਲੇ ਦੋ ਕੱਪ ਦੇਖ ਕੇ ਸ਼ੱਕ ਜਿਹਾ ਹੋ ਗਿਆ ਸੀ। ਪਰ ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਲੱਗਿਆ ਸੀ ਸ਼ਾਇਦ ਉਸ ਦੀ ਸਹੇਲੀ ਆਈ ਹੋਵੇ ਤੇ ਮੇਰੇ ਆਉਣ ਤੋਂ ਪਹਿਲਾਂ ਚਲੀ ਗਈ ਹੋਵੇ।

 


ਜਦੋਂ ਦੂਸਰੀ ਵਾਰ ਮੈਂ ਰਮਨਜੀਤ ਨੂੰ ਮਿਲਣ ਆਇਆ ਸੀ, ਫਿਰ ਚਾਹ ਵਾਲੇ ਦੋ ਕੱਪ ਦੇਖ ਕੇ ਸ਼ੱਕ ਗਹਿਰਾ ਹੋ ਗਿਆ ਸੀ। ਉਸ ਦਿਨ ਵੀ ਉਹ ਝੱਟ ਪੱਟ ਚਾਹ ਵਾਲੇ ਕੱਪ ਚੁੱਕ ਕੇ ਅੰਦਰ ਲੈ ਗਈ ਸੀ। ਅੱਜ ਤੀਜੀ ਵਾਰ ਫਿਰ ਦੋ ਕੱਪ ਪਏ ਹਨ। ਮੈਨੂੰ ਲੱਗਿਆ ਘਰ ਵਿਚ ਜ਼ਰੂਰ ਕੋਈ ਓਪਰਾ ਬੰਦਾ ਹੈ ਜੋ ਇਸ ਨੇ ਮੈਨੂੰ ਦੇਖ ਕੇ ਛੁਪਾ ਦਿੱਤਾ ਹੈ।

 


ਅੱਜ ਅਸਮਾਨ ਤੇ ਘਣੇ ਬੱਦਲ ਛਾਏ ਹੋਏ ਹਨ। ਕਿਣਮਿਣ ਹੋ ਰਹੀ ਹੈ ਅਤੇ ਗਰਮੀ ਦੇ ਮੌਸਮ ਵਿਚ ਠੰਡੀ ਹਵਾ ਸੁਹਾਵਣੀ ਲੱਗ ਰਹੀ ਹੈ।
‘ਮੌਸਮ ਕਿੰਨਾ ਪਿਆਰਾ ਹੈ। ਆਪਾਂ ਇਥੇ ਵਰਾਂਡੇ ਵਿਚ ਹੀ ਚਾਹ ਪੀਵਾਂਗੇ।’


ਉਸ ਨੇੇ ਮੈਨੂੰ ਵਰਾਂਡੇ ਵਿਚ ਬਿਠਾ ਦਿੱਤਾ ਹੈ ਤੇ ਆਪ ਚਾਹ ਬਣਾਉਣ ਅੰਦਰ ਚਲੀ ਗਈ ਹੈ। ਮੇਰੇ ਅੰਦਰ ਸ਼ੱਕ ਉਬਾਲੇ ਮਾਰ ਰਿਹਾ ਹੈ। ਮੈਂ ਇਸ ਵਾਰ ਓਪਰੇ ਬੰਦੇ ਨੂੰ ਜੱਗ ਜਾਹਰ ਕਰ ਹੀ ਦੇਣਾ ਹੈ। ਮੈਂ ਉੱਠਿਆ ਤੇ ਡਰਾਇੰਗ ਰੂਮ ਵਿਚੀਂ ਹੁੰਦਾ ਹੋਇਆ ਮਹਿਮਾਨ ਕਮਰਾ ਤੇ ਬਾਥ ਰੂਮ ਦੀ ਛਾਣਬੀਣ ਕਰਦਾ ਹਾਂ। ਫਿਰ ਰਸੋਈ ਵਿਚ ਵੜਦਿਆਂ ਰਮਨਜੀਤ ਨੂੰ ਕਹਿੰਦਾ ਹਾਂ,


‘ਰਮਨ ਤੇਰਾ ਬਾਥਰੂਮ ਵਰਤ ਲਵਾਂ।’


‘ਹਾਂ. . . ਹਾਂ. . . ਬੇਸ਼ਕ।’ ਉਸ ਨੇ ਬੇਝਿਜਕ ਕਿਹਾ।


ਬਾਥਰੂਮ ਦਾ ਤਾਂ ਬਹਾਨਾ ਹੈ। ਮੈਂ ਤਾਂ ਤਲਾਸ਼ੀ ਲੈਣੀ ਚਾਹੁੰਦਾ ਹਾਂ। ਉਸ ਦਾ ਕਮਰਾ ਤੇ ਬਾਥਰੂਮ ਦੇਖਣ ਤੋਂ ਬਾਅਦ ਨਾਲ ਲਗਦੇ ਸਟੋਰ ਨੂੰ ਵੀ ਚੈੱਕ ਕਰ ਲਿਆ। ਪਿਛਲੇ ਵਿਹੜੇ ਵਿਚ ਝਾਤੀ ਮਾਰ ਕੇ ਮੁੜ ਵਰਾਂਡੇ ਵਿਚ ਆ ਕੇ ਬੈਠ ਗਿਆ ਹਾਂ। ਸਾਰਾ ਘਰ ਛਾਣ ਮਾਰਿਆ ਪਰ ਕੋਈ ਹੋਰ ਬੰਦਾ ਨਜ਼ਰ ਨਹੀਂ ਆਇਆ। ਫਿਰ ਇਹ ਦੋ ਕੱਪ ਚਾਹ ਵਾਲੇ? ਅੜਾਉਣੀ ਸੁਲਝ ਨਹੀਂ ਰਹੀ।


ਰਮਨ ਚਾਹ ਵਾਲੀ ਟਰੇਅ ਲੈ ਕੇ ਆ ਗਈ ਹੈ। ਉੱਛਲ ਵੱਟੇ ਲੈਂਦਿਆਂ ਮੈਂ ਪੁੱਛ ਹੀ ਲਿਆ,


‘ਰਮਨ ਤੂੰ ਇਕੋ ਸਾਥ ਦੋ ਕੱਪ ਚਾਹ ਪੀਂਦੀ ਹੈ?’


ਮੇਰੇ ਗੋਲਮੋਲ ਸਵਾਲ ਨੂੰ ਉਹ ਸਮਝ ਲੈਂਦੀ ਹੈ ਤੇ ਕਹਿੰਦੀ ਹੈ,


‘ਸੁੱਖੀ. . .! ਅੱਜ ਕਲ ਸ਼ਹਿਰ ’ਚ ਚੋਰੀਆਂ ਚਕਾਰੀਆਂ ਬਹੁਤ ਹੋ ਰਹੀਆਂ ਹਨ। ਪਿਛਲੇ ਦਿਨੀਂ ਆਪਣੇ ਨਾਲ ਵਾਲੇ ਮੁਹੱਲੇ ਵਿਚ ਇਕੱਲੀ ਰਹਿੰਦੀ ਬਿਰਧ ਮਾਤਾ ਦੀ ਹੱਤਿਆ ਕਰਕੇ ਲੁਟੇਰੇ ਦਿਨੇ ਹੀ ਸਭ ਕੁਝ ਲੁੱਟ ਕੇ ਲੈ ਗਏ। ਮੈਂ ਇਸੇ ਕਰਕੇ ਵਰਾਂਡੇ ਵਿਚ ਚਾਹ ਪੀਂਦੀ ਹਾਂ ਤੇ ਦੋ ਕੱਪ ਰੱਖਦੀ ਹਾਂ ਤਾਂ ਜੁ ਦੇਖਣ ਵਾਲਿਆਂ ਨੂੰ ਲੱਗੇ ਕਿ ਘਰ ਮੈਂ ਇਕੱਲੀ ਨਹੀਂ ਹਾਂ।

======================


ਬੁੱਢਾ ਬਲਦ    


ਬਿਸਤਰੇ ’ਚੋਂ ਨਿਕਲਦਿਆਂ ਅੰਨਦਿਤਾ ਨੇ ਚਾਹ ਬਣਾਈ ਤੇ ਬਰਾਂਡੇ ਵਿਚ ਪਈ ਕੁਰਸੀ ’ਤੇ ਬੈਠ ਗਿਆ।


ਉਸ ਨੇ ਦੇਖਿਆ, ਘਰ ਦੇ ਸਾਹਮਣੇ ਵਾਲੇ ਪਲਾਟ ਵਿਚ ਇਕ ਬੁੱਢਾ ਤੇ ਕਮਜੋਰ ਬਲਦ ਖੜਾ ਹੈ। ਸ਼ਾਇਦ ਇਸ ਦਾ ਮਾਲਕ ਰਾਤੀਂ ਚੋਰੀ ਛੁਪੇ ਇਥੇ ਛੱਡ ਗਿਆ ਹੋਵੇ।


‘ਕਿਹਾ ਕਲਯੁੱਗ ਆ ਗਿਆ ਹੈ। ਹੁਣ ਤੱਕ ਇਸ ਬਲਦ ਨੂੰ ਵਾਹਿਆ ਤੇ ਜਦੋਂ ਕੰਮ ਦਾ ਨਾ ਰਿਹਾ ਤਾਂ ਬੇਸਹਾਰਾ ਛੱਡ ਦਿੱਤਾ।’


ਅੰਨਦਿਤਾ ਮਨ ਹੀ ਮਨ ਸੋਚਦਾ, ਉਸ ਬੁੱਢੇ ਬਲਦ ਦੀ ਹੋਣੀ ’ਤੇ ਝੂਰਦਾ, ਦਿਨ ਭਰ ਬੇਚੈਨ ਰਿਹਾ। ਉਹ ਤਾਂ ਆਪ ਹੀ ਦੁੱਖਾਂ ਦਾ ਮਾਰਿਆਂ ਆਪਣੀ ਜ਼ਿੰਦਗੀ ਤੋਂ ਉਪਰਾਮ ਹੈ। ਉਹ ਜਿਉ ਹੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਬੱਚਿਆਂ ਨੇ ਜਮਾਂ ਹੋਏ ਪੈਸੇ ਕਢਵਾ ਲਏ। ਮੋਮੋ ਠੱਗਣੀਆਂ ਗੱਲਾਂ ਨਾਲ ਉਸ ਦਾ ਪਲਾਟ ਵੀ ਵੇਚ ਕੇ ਖਾ ਗਏ। ਜਦੋਂ ਉਸ ਦੀ ਜੇਬ ਵਿਚ ਧੇਲਾ ਵੀ ਨਾ ਰਿਹਾ, ਆਪਣੀਆਂ ਨੌਕਰੀਆਂ ਦੂਰ ਦੁਰਾਡੇ ਹੋਣ ਦਾ ਬਹਾਨਾ ਲਗਾ ਕੇ ਪੁੱਤਰ ਆਪਣੇ ਪਰਿਵਾਰਾਂ ਸਮੇਤ ਪੱਤਰਾ ਵਾਚ ਗਏ।

 


ਪਤਨੀ ਸਾਥ ਛੱਡ ਗਈ ਹੈ ਅਤੇ ਅੰਨਦਿਤਾ ਘਰ ਵਿਚ ਇਕੱਲਤਾ ਦੀ ਜ਼ਿੰਦਗੀ ਜਿਉਦਿਆਂ ਡਾਢਾ ਚਿੰਤਾਤੁਰ ਰਹਿੰਦਾ ਹੈ, ਕਿ ਆਉਦੇ ਦਿਨਾਂ ਨੂੰ ਜਦੋਂ ਉਸ ਦੇ ਅੰਗ ਪੈਰ ਹੋਰ ਵੀ ਕਮਜੋਰ ਪੈ ਗਏ ਤਾਂ ਕੌਣ ਉਸ ਨੂੰ ਰੋਟੀ ਦੇਵੇਗਾ ਅਤੇ ਕੌਣ ਦਵਾ ਦਾਰੂ ਕਰਵਾਏਗਾ। ਹਰ ਵੇਲੇ ਬੇਚੈਨੀ ਵਿਚ ਰਹਿਣ ਕਰਕੇ ਉਸ ਦੀ ਸਿਹਤ ਵਿਗੜਦੀ ਹੀ ਜਾ ਰਹੀ ਹੈ।

 


ਸ਼ਾਮ ਨੂੰ ਉਹ ਫਿਰ ਚਾਹ ਦਾ ਕੱਪ ਬਣਾ ਵਰਾਂਡੇ ਵਿਚ ਆ ਗਿਆ ਹੈ। ਉਸ ਨੇ ਦੇਖਿਆ ਕਿ ਸਾਹਮਣੇ ਪਲਾਟ ਵਿਚ ਬਲਦ ਲਈ ਕੂੰਡਾ ਰੱਖ ਕੇ ਪਾਣੀ ਪਾ ਦਿੱਤਾ ਗਿਆ ਹੈ।


ਕਿਸੇ ਦੇ ਵਿਹੜੇ ਵਿਚੋਂ ਕੱਟੇ ਘਾਹ ਦੀ ਪੰਡ ਕੋਈ ਮਾਲੀ ਉਸ ਅੱਗੇ ਢੇਰੀ ਕਰ ਗਿਆ ਹੈ।


ਬੁੱਢਾ ਬਲਦ ਤਾਜ਼ੀ ਕੱਟੀ ਘਾਹ ਵਿਚ ਮੂੰਹ ਮਾਰ ਰਿਹਾ ਹੈ।


ਬੁੱਢੇ ਬਲਦ ਨੂੰ ਇਸ ਅਵੱਸਥਾ ਵਿਚ ਦੇਖ ਅੰਨਦਿਤਾ ਦੇ ਹੱਡਾ ਪੈਰਾਂ ਵਿਚ ਜਾਨ ਜਿਹੀ ਪੈ ਗਈ। ਉਹ ਜੋਸ਼ ਨਾਲ ਉੱਠਿਆ ‘ਰਸੋਈ ਵਿਚੋਂ ਬੱਚਦੀ ਰੋਟੀ ਚੁੱਕੀ, ਸਾਹਮਣੇ ਪਲਾਟ ਵਿਚ ਬਲਦ ਨੂੰ ਖਵਾਉਣ ਲੱਗਿਆ’ ਉਸ ਦੇ ਮੱਥੇ ਨੂੰ ਪਲੋਸਣ ਲੱਗ ਗਿਆ ਹੈ।

====================


ਆਖ਼ਰੀ ਫ਼ੈਸਲਾ


ਦੇਬੋ ਆਪਣੇ ਪਤੀ ਨਾਲ, ਧੀ ਪਵਿੱਤਰ ਦੇ ਸਹੁਰੇ ਘਰ ਨੂੰ ਜਾ ਰਹੀ ਹੈ। ਮਨ ਵਿਚ ਆਪਣੇ ਵਿਆਹ ਤੋਂ ਬਾਅਦ ਦੇ ਸਮੇਂ ਦੇ ਹਾਲਾਤ ਫਿਲਮ ਦੀ ਰੀਲ ਵਾਂਗੂੰ ਘੁੰਮ ਰਹੇ ਹਨ। ਸਹੁਰੇ ਘਰ ਵਿਚ ਉਸ ਨਾਲ ਦੁਰਵਿਹਾਰ ਤਾਂ ਹੁੰਦਾ ਹੀ ਸੀ, ਸੱਸ ਦੀਆਂ ਵਧੀਕੀਆਂ ਵੀ ਸਹਿੰਦੀ ਸੀ,

 

ਨਣਦ ਦੇ ਤਾਨੇ-ਮਿਹਣੇ ਵੀ ਬਰਦਾਸ਼ਤ ਕਰਦੀ ਸੀ। ਘਰ ਵਾਲੇ ਦਾ ਗਾਲੀ-ਗਲੋਚ ਵੀ ਉਸ ਨੂੰ ਸਹਿਣਾ ਪੈਂਦਾ ਸੀ। ਉਸ ਨੇੇ ਆਪਣੇ ਪੀੜਾਂ ਭਰੇ ਵਿਆਹੁਤਾ ਜੀਵਨ ਦਾ ਸੱਚ ਆਪਣੇ ਪੇਕਿਆਂ ਨੂੰ ਵਾਰ-ਵਾਰ ਦੱਸਿਆ ਸੀ।


‘ਹੁਣ ਤੇਰਾ ਘਰ ਤੇਰੇ ਪਤੀ ਦਾ ਘਰ ਹੀ ਹੈ। ਹਰ ਹੀਲੇ ਤੈਨੂੰ ਉਥੇ ਹੀ ਵਸਣਾ ਪੈਣਾ ਹੈ। ਵਿਆਹੁਤਾ ਔਰਤ ਦੀ ਅਰਥੀ ਪਤੀ ਦੇ ਘਰੋਂ ਹੀ ਉੱਠਦੀ ਹੈ। ਤੂੰ ਸਿਆਣਪ ਵਰਤ ਅਤੇ ਪਰਿਵਾਰ ਨੂੰ ਆਪਣੇ ਵਿਹਾਰ ਨਾਲ ਮੁੱਠੀ ਵਿਚ ਕਰਕੇ ਰੱਖ।’

 


ਮਾਂ ਦੀਆਂ ਨਸੀਹਤਾਂ ਉਸ ਨੇ ਪੱਲੇ ਬੰਨ ਲਈਆਂ ਸਨ ਤੇ ਉਸ ਨੇ ਮੁੜਕੇ ਨਾ ਤਾਂ ਪੇਕਿਆਂ ਵੱਲ ਦੇਖਿਆ ਤੇ ਨਾ ਹੀ ਆਪਣੇ ਦੁੱਖਾਂ-ਤਕਲੀਫ਼ਾਂ ਦੀ ਪਰਵਾਹ ਕੀਤੀ। ਬੱਸ ਉਮਰ ਭੋਗਦੀ ਰਹੀ ਤੇ ਅੱਜ ਉਹ ਆਪਣੀ ਧੀ ਦੇ ਵਿਗੜੇ ਹੋਏ ਪਰਿਵਾਰਕ ਸੰਬੰਧਾਂ ਨੂੰ ਸਾਵੇਂ ਕਰਨ ਲਈ ਨਸੀਹਤਾਂ ਦੇਣ ਚੱਲੀ ਹੈ।


ਬਾਪ ਨੇ ਪਵਿੱਤਰ ਨੂੰ ਸਮਝਾਉਣ ਦਾ ਯਤਨ ਕੀਤਾ। ਦੇਬੋ ਨੇ ਵੀ ਆਪਣੀ ਮਾਂ ਵਾਲੀਆਂ ਨਸੀਹਤਾਂ ਧੀ ਨੂੰ ਦਿੱਤੀਆਂ। ਪਰ ਪੱਥਰ ਤੇ ਬੂੰਦ ਪਈ ਨਾ ਪਈ।


‘ਮਾਂ! ਮੈਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ। ਮੈਂ ਪੜੀ ਲਿਖੀ ਹਾਂ, ਨੌਕਰੀ ਕਰਦੀ ਹਾਂ ਤੇ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਕਰਨ ਦਾ ਹੱਕ ਰੱਖਦੀ ਹਾਂ। ਤਿਲ-ਤਿਲ ਕਰਕੇ ਜੀਣਾ ਮੇਰੇ ਵੱਸ ਨਹੀਂ, ਮੇਰਾ ਆਖ਼ਰੀ ਫ਼ੈਸਲਾ ਸੁਣ ਲਵੋ।’


ਦੇਬੋ ਤੇ ਉਸ ਦਾ ਪਤੀ ਹੈਰਾਨੀ ਨਾਲ ਉਸ ਦੇ ਆਖ਼ਰੀ ਫ਼ੈਸਲੇ ਨੂੰ ਜਾਨਣ ਲਈ, ਉਸ ਦੇ ਚਿਹਰੇ ਵੱਲ ਤੱਕਣ ਲਗੇ।


‘ਤੁਸੀਂ ਪ੍ਰਤਾਪ ਤੋਂ ਸਹਿਮਤੀ ਨਾਲ ਤਲਾਕ ਦਿਵਾ ਦਿਓ ਨਹੀਂ ਤਾਂ ਫਿਰ ਮੈਨੂੰ ਕਚਿਹਰੀ ਜਾਣਾ ਪਊ।’

==============

 


ਸੀਰੀ


‘ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋੜਾ ਈ ਮਾਰਿਆ’ , ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ।
‘ਕੀ ਹੋਇਆ ਭੈਣੇ?’ ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਣਨਾ ਚਾਹਿਆ।

 


‘ਹੋਣਾ ਕੀ ਸੀ। ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ ਗਈ ਤੇ ਉੱਥੇ ਈ ਬੇਹੋਸ਼ ਹੋ ਗਿਆ।’


‘ਹਾਇ! ਹਾਇ! ਫੇਰ ਕੀ ਹੋਇਆ?’


‘ਸਰਪੰਚ ਮੁੰਡੇ ਨੂੰ ਟਰਾਲੀ ‘ਚ ਪਾ ਕੇ ਸ਼ਹਿਰ ਲੈ ਗਿਆ। ਪਰ ਉਹ ਤਾਂ ਵਿਚਾਰਾ ਰਾਹ ‘ਚ ਈ ਪੂਰਾ ਹੋ ਗਿਆ।’


ਗੁਆਂਢਣ ਨੇ ਦਰਦ ਭਰੇ ਮਨ ਨਾਲ ਦਸਦਿਆਂ ਤੇ ਹਮਦਰਦੀ ਜਤਾਉਂਦਿਆਂ ਕਿਹਾ, ‘ਵਿਚਾਰੇ ਗਰੀਬ ਨਾਲ ਤਾਂ ਬਹੁਤ ਧੱਕਾ ਹੋਇਆ।

‘ਕੱਲਾ ‘ਕੱਲਾ ਜਵਾਕ ਸੀ ਵੀਰੂ ਦੇ।’


‘ਤਾਂ ਹੀ ਤਾਂ ਮੈਂ ਨੀ ਆਪਣੇ ਗੁਰਿੰਦਰ ਨੂੰ ਸਪਰੇ ਤੇ ਲੱਗਣ ਦਿੰਦੀ, ਭਾਵੇਂ ਇਹਦਾ ਬਾਪੂ ਕਈ ਵਾਰ ਕਹਿੰਦਾ ਹੁੰਦੈ।’


 ਮੈਂ ਖਹਿੜੇ ਪੈ ਜਾਂਦੀ ਆਂ ‘ਬਈ ਭਈਏ ਥੋੜੇ ਨੇ ਸਪਰੇਆਂ ਨੂੰ। ਰੱਬ ਨਾ ਕਰੇ ਜੇ ਕੋਈ ਚੰਗੀ ਮਾੜੀ ਹੋ ਜੇ। ਨਾਲੇ ਪੁੱਤ ਕਿਹੜਾ ਲੱਖੀਂ ਹਜਾਰੀਂ ਮਿਲਦੇ ਨੇ।’ ਬਸੰਤ ਕੌਰ ਨੇ ਆਪਣਾ ਪੱਖ ਦਰਸਾਉਂਦਿਆਂ ਕਿਹਾ।

 


ਇਨਾਂ ਦੋਹਾਂ ਦੀਆਂ ਗੱਲਾਂ ਸੁਣ ਵਿਹੜੇ ਵਾਲੀ ਕਰਮੋ ਗੋਹਾ ਕੂੜਾ ਕਰਨੋਂ ਰੁਕ ਗਈ। ਉਹਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਚੋਣ ਲੱਗੇ। ਕਈ ਸਾਲ ਪਹਿਲਾਂ ਦੀ ਘਟਨਾ ਫਿਰ ਤਾਜ਼ਾ ਹੋ ਗਈ। ਉਸਦਾ ਇਕਲੌਤਾ ਪੁੱਤਰ ਵੀ ਇੰਜ ਹੀ ਅਜਾਈਂ ਮੌਤ ਦੇ ਮੂੰਹ ਜਾ ਪਿਆ ਸੀ। ਘੁੱਟ ਕੇ ਕਲੇਜਾ ਫੜੀ ਕਰਮੋ ਬਸੰਤ ਕੌਰ ਦੀਆਂ ਗੱਲਾਂ ਸੁਣ ਕੇ ਤੜਪ ਉੱਠੀ।

 


ਉਹਦਾ ਰੋਹ ਆਪ ਮੁਹਾਰੇ ਫੁੱਟ ਪਿਆ, ‘ਜਿਹੜਾ ਮਰ ਗਿਆ ਉਹ ਕਿਹੜਾ ਕਿਸੇ ਮਾਂ ਦਾ ਪੁੱਤ ਸੀ, ਸੀਰੀ ਈ ਸੀ ਨਾ!’

=================


ਦਹੇਜ


ਦੀਨ ਦਿਆਲ ਦੇ ਪੁੱਤਰ ਰਤਨਪਾਲ ਦੀ ਤੀਸਰੀ ਸਗਾਈ ਦੀ ਗੱਲ ਚੱਲ ਰਹੀ ਸੀ। ਪਹਿਲੀਆਂ ਦੋ ਸਗਾਈਆਂ ਟੁੱਟ ਜਾਣ ਕਾਰਨ ਉਹ ਇਸ ਵਾਰ ਬਹੁਤ ਹੁਸ਼ਿਆਰੀ ਨਾਲ, ਹੋਏ ਬੀਤੇ ਤੋਂ ਸਬਕ ਸਿੱਖ ਫੂਕ-ਫੂਕ ਪੈਰ ਧਰ ਰਿਹਾ ਸੀ।


‘ਲੜਕਾ ਪੜਿਆ ਲਿਖਿਆ ਤੇ ਸਰਕਾਰੀ ਨੌਕਰ ਹੈ। ਆਪਣੇ ਪਰਿਵਾਰ ਤੇ ਇਸਦੀ ਨੌਕਰੀ ਦੇ ਰੁਤਬੇ ਮੁਤਾਬਕ ਬਣਦਾ ਦਾਜ ਜ਼ਰੂਰ ਲੈਣਾ ਹੈ। ਸਾਡੇ ਘਰ ਟੀ.ਵੀ., ਫਰਿਜ, ਏ.ਸੀ.,ਕਾਰ ਵਗੈਰਾ ਸਾਰੀਆਂ ਸਹੂਲਤਾਂ ਹਨ। ਇਸ ਲਈ ਮੈਨੂੰ ਦਾਜ ਵਿੱਚ ਨਕਦੀ ਚਾਹੀਦੀ ਹੈ।’ ਦੀਨ ਦਿਆਲ ਨੇ ਆਪਣੇ ਜੀਵਨ-ਪੱਧਰ ਨੂੰ ਬਿਆਨ ਕਰਦਿਆਂ ਨਕਦੀ ਦੀ ਮੰਗ ਰੱਖ ਦਿੱਤੀ।


‘ਠੀਕ ਹੈ। ਜਿਵੇਂ ਤੁਸੀਂ ਸਹੀ ਸਮਝੋ। ਅਸੀਂ ਸਾਮਾਨ ਨਾ ਦਿੱਤਾ, ਪੈਸੇ ਦੇ ਦਿੱਤੇ, ਗੱਲ ਤਾਂ ਇੱਕੋ ਹੀ ਹੈ।’


ਕੁੜੀ ਵਾਲਿਆਂ ਸੋਚਿਆ ਮੁੰਡਾ ਸੁਨੱਖਾ, ਪੜਿਆ ਲਿਖਿਆ ਤੇ ਰੁਜ਼ਗਾਰ ਤੇ ਲੱਗਾ ਹੋਇਆ ਹੈ। ਘਰ ਵੀ ਵਧੀਆ ਹੈ। ਕੀ ਹੋਇਆ ਜੇ ਮੁੰਡੇ ਦਾ ਬਾਪ ਜਰਾ ਲਾਲਚੀ ਹੈ। ਇੱਕ ਵਾਰੀ ਪੈਸੇ ਲਾ ਕੇ ਜੇ ਕੁੜੀ ਸੁਖੀ ਰਹਿੰਦੀ ਹੈ ਤਾਂ ਨਕਦ ਦੇਣ ਵਿੱਚ ਵੀ ਕੋਈ ਹਰਜ ਨਹੀਂ।

 


ਗੱਲਾਂ ਬਾਤਾਂ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਫ਼ੈਸਲਾ ਹੋਇਆ ਕਿ ਕੁੜੀ ਵਾਲੇ ਦਹੇਜ ਦੇ ਪੰਜ ਲੱਖ ਰੁਪਏ ਨਕਦ ਦੇਣਗੇ।


ਮਿੱਥੇ ਦਿਨ ਦੀਨ ਦਿਆਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਘਰ ਢੁੱਕ ਗਿਆ।


‘ਛੇਤੀ ਕਰੋ, ਮੁੰਡੇ ਨੂੰ ਫੇਰਿਆਂ ‘ਤੇ ਬਿਠਾਵੋ। ਮਹੂਰਤ ਦਾ ਸਮਾਂ ਨਿਕਲਦਾ ਜਾ ਰਿਹਾ ਹੈ।’ ਪੰਡਤ ਕਾਹਲੀ ਮਚਾ ਰਿਹਾ ਸੀ।


ਦੀਨ ਦਿਆਲ ਅੜ ਗਿਆ। ਕੁੜੀ ਵਾਲਿਆਂ ਨਕਦੀ ਦਾ ਬੈਗ ਦਿੱਤਾ ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਕੁੜਮਾਂ ਤੋਂ ਭਰਪੂਰ ਸੇਵਾ ਕਰਵਾ, ਬਰਾਤ ਡੋਲੀ ਲੈ ਕੇ ਮੁੜਨ ਲੱਗੀ ਤਾਂ ਦੀਨ ਦਿਆਲ ਨੇ ਨੋਟਾਂ ਵਾਲਾ ਬੈਗ ਕੁੜੀ ਦੇ ਬਾਪ ਨੂੰ ਵਾਪਸ ਕਰਦਿਆਂ ਕਿਹਾ, ‘ਇਹ ਲਓ, ਤੁਹਾਡੀ ਅਮਾਨਤ। ਤੁਹਾਡਾ ਮਾਲ ਤੁਹਾਨੂੰ ਹੀ ਵਾਪਸ ਕਰ ਰਿਹਾ ਹਾਂ।’


ਕੁੜੀ ਦਾ ਪਿਓ ਡੌਰ ਭੌਰ ਹੋਇਆ ਦੀਨ ਦਿਆਲ ਦਾ ਮੂੰਹ ਦੇਖਣ ਲੱਗਾ। ਉਹ ਡਰ ਰਿਹਾ ਸੀ ਕਿ ਇਹ ਲਾਲਚੀ ਬੰਦਾ ਹੁਣ ਕੋਈ ਹੋਰ ਮੰਗ ਨਾ ਰੱਖ ਦੇਵੇ।


ਪਰ ਦੀਨ ਦਿਆਲ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ,‘ਮੇਰੇ ਲੜਕੇ ਦੀ ਪਹਿਲਾਂ ਦੋ ਵਾਰ ਸਗਾਈ ਟੁੱਟ ਗਈ ਸੀ। ਕਾਰਨ ਇਹ ਸੀ ਕਿ ਮੈਂ ਸਾਦਾ ਤੇ ਦਹੇਜ ਰਹਿਤ ਵਿਆਹ ਕਰਨਾ ਚਾਹੁੰਦਾ ਸੀ। ਇਸ ਤੋਂ ਲੜਕੀ ਵਾਲਿਆਂ ਨੂੰ ਸ਼ੱਕ ਹੋ ਜਾਂਦਾ ਕਿ ਜੋ ਪੁੰਨ ਦਾ ਵਿਆਹ ਕਰਨ ਲੱਗਾ ਹੈ, ਜ਼ਰੂਰ ਮੁੰਡੇ ਵਿੱਚ ਕੋਈ ਨੁਕਸ ਹੋਵੇਗਾ। ਮੈਂ ਤੀਜੀ ਵਾਰ ਸਗਾਈ ਟੁੱਟਣ ਨਹੀਂ ਸੀ ਦੇਣੀ ਚਾਹੁੰਦਾ, ਇਸਲਈ ਮਜਬੂਰੀ-ਵਸ ਦਹੇਜ ਮੰਗਣਾ ਪਿਆ। ਹੁਣ ਸ਼ਾਦੀ ਹੋ ਚੁੱਕੀ ਹੈ, ਇਸ ਲਈ ਦਹੇਜ ਵਾਪਸ ਕਰ ਰਿਹਾ ਹਾਂ। 
   

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Kahani s significant personality Surinder Kailey