ਕਾਂਗਰਸੀ ਆਗੂ ਅਤੇ ਲੇਖਕ ਸ਼ਸ਼ੀ ਥਰੂਰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਭਾਰਤ ਦੀ ਆਤਮਾ ਲਈ ਜੰਗ ਹੋਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਕਰੀਬੀ ਲੋਕਾਂ ਵੱਲੋਂ ਇਕ ਦਮ ਵੱਖ ਵੱਖ ਤਰ੍ਹਾਂ ਦੇ ਭਾਰਤ ਦੀ ਵਕਾਲਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਅਕਾ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਗਾਂਧੀ ਪਰਿਵਾਰ ਨਾਲ ਸਬੰਧ ਰੱਖਣ ਕਾਰਨ ਨਹੀਂ, ਸਗੋਂ ਵੋਟਰਾਂ ’ਚ ਉਨ੍ਹਾਂ ਦੀ ਹਰਮਨ ਪਿਆਰਤਾ ਕਾਰਨ ਲਗਾਇਆ ਗਿਆ ਹੈ।
ਥਰੂਰ ਜੈਪੁਰ ਸਾਹਿਤ ਮੇਲੇ ‘ਚ ਇਕ ਸੈਸ਼ਨ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਧਰਮ ਨੂੰ ਰਾਸ਼ਟਰਵਾਦ ਦਾ ਨਿਰਧਾਰਕ ਮੰਨਣ ਦਾ ਵਿਚਾਰ ਪਾਕਿਸਤਾਨ ਦਾ ਵਿਚਾਰ ਸੀ। ਭਾਰਤ ਦਾ ਵਿਚਾਰ ਹੈ ਕਿ ਸਾਰਿਆਂ ਲਈ ਇਕ ਰਾਸ਼ਟਰ ਹੋਵੇਗਾ ਅਤੇ ਧਰਮ ਇਸਦਾ ਆਧਾਰ ਨਹੀਂ ਹੋਵੇਗਾ। ਪ੍ਰੰਤੂ ਹੁਣ ਭਾਰਤ ‘ਚ ਪਾਕਿਸਤਾਨ ਦੇ ਵਿਚਾਰ ਦੀ ਤਸਕਰੀ ਲਈ ਇਕ ਦ੍ਰਿੜ ਯਤਨ ਦੇਖ ਰਹੇ ਹਾਂ। ਅਜਿਹੇ ‘ਚ ਆਉਣ ਵਾਲੀਆਂ ਆਮ ਚੋਣਾਂ ਭਾਰਤ ਦੀ ਆਤਮਾ ਲਈ ਜੰਗ ਹੋਵੇਗੀ।
ਉਨ੍ਹਾਂ ਨੇ ਪ੍ਰਿੰਅਕਾ ਗਾਂਧੀ ਨੂੰ ਕਾਂਗਰਸ ਪਾਰਟੀ ‘ਚ ਅਹਿਮ ਅਹੁਦਾ ਦਿੱਤੇ ਜਾਣ ਨੂੰ ਲੈ ਕੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਸੰਸਦੀ ਲੋਕਤੰਤਰ ‘ਚ ਵੋਟਰਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਜੋ ਜ਼ਿਆਦਾ ਹਰਮਨ ਪਿਆਰਾ ਹੁੰਦਾ ਹੈ ਉਹ ਚੋਣ ਜਿੱਤਦਾ ਹੈ। ਪ੍ਰਿੰਅਕਾ ਕਾਂਗਰਸ ਵਰਕਰਾਂ ਅਤੇ ਵੋਟਰਾਂ ‘ਚ ਬੇਹੱਦ ਹਰਮਨ ਪਿਆਰੀ ਆਗੂ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਗਾਂਧੀ ਪਰਿਵਾਰ ਨਾਲ ਹੋਣ ਕਾਰਨ ਪ੍ਰਿਅਕਾ ਨੂੰ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਥਰੂਰ ਨੇ ਕੇਰਲ ਦੇ ਸਬਰੀਮਾਲਾ ਮੰਦਰ ਅਤੇ ਤਮਿਲਨਾਡੂ ‘ਚ ਜਲੀਕਟੂ ਦੇ ਆਯੋਜਨ ਦੀ ਚਰਚਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਮਾਜ ਵੱਖ ਵੱਖ ਵਿਚਾਰਧਾਰਾਵਾਂ ਅਤੇ ਪਰੰਪਰਾਵਾਂ ਵਾਲਾ ਸਮਾਜ ਹੈ। ਇਸ ‘ਚ ਪਰਿਵਰਤਨ ਅਤੇ ਸੁਧਾਰ ਸਮਾਜ ਦੇ ਵਿਚਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਖੁਦ ਨੂੰ ਗੈਰ ਪਰੰਪਰਿਕ ਆਗੂ ਦੱਸਦੇ ਹੋਏ ਕਿਹਾ ਕਿ ਮੈਂ ਹੁਣ ਤੱਕ ਕਈ ਕਿਤਾਬਾਂ ਲਿਖ ਚੁੱਕਾ ਹਾਂ। ਮੈਂ ਭਾਰਤ ਬਾਰੇ ਜ਼ਿਆਦਾ ਤੋਂ ਜ਼ਿਆਦਾ ਲਿਖਣਾ ਚਾਹੁੰਦਾ ਹਾਂ।