ਐਂਟੀ ਸੈਟੇਲਾਈਟ ਮਿਸਾਇਲ ਪ੍ਰੀਖਣ ‘ਮਿਸ਼ਨ ਸ਼ਕਤੀ’ ਨੂੰ ਲੈ ਕੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਯੂਪੀਏ ਸਰਕਾਰ ਤੇ ਨਿਸ਼ਾਨਾ ਲਗਾਇਆ ਤੇ ਉਸਨੂੰ ਰੱਜ ਕੇ ਕੋਸਿਆ। ਅਰੁਣ ਜੇਤਲੀ ਨੇ ਕਿਹਾ ਕਿ ਵਿਗਿਆਨੀ ਇਕ ਦਹਾਕੇ ਪਹਿਲਾਂ ਹੀ ਇਸ ਮਿਸਾਇਲ ਨੂੰ ਬਣਾਉਣ ਲਈ ਤਿਆਰ ਸਨ ਪਰ ਉਸ ਸਮੇਂ ਦੀ ਸਰਕਾਰ ਨੇ ਵਿਗਿਆਨੀਆਂ ਨੂੰ ਅਜਿਹਾ ਕਰਨ ਦੀ ਕਦੇ ਆਗਿਆ ਨਹੀਂ ਦਿੱਤੀ।
ਖ਼ਾਸ ਤੌਰ ਤੇ ਕਾਂਗਰਸ ਨੂੰ ਕੈੜੇ ਹੱਥੀਂ ਲੈਂਦਿਆਂ ਜੇਤਲੀ ਨੇ ਪੱਤਰਕਾਰਾਂ ਨੂੰ ਕਿਹਾ, ਜਿਹੜੇ ਲੋਕ ਆਪਣੀ ਨਾਕਾਮੀਆਂ ਲਈ ਆਪਣੀ ਕਮਰ ਧੱਪਕਾਉਂਦੇ ਹਨ, ਉਨ੍ਹਾਂ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਦੇ ਪੈਰਾਂ ਦੇ ਨਿਸ਼ਾਨ ਬਹੁਤ ਦੂਰ ਤਕ ਹਨ ਤੇ ਇਹ ਨਿਸ਼ਾਨ ਕਿਤੇ ਨਾ ਕਿਤੇ ਮਿਲੇ ਹੀ ਜਾਂਦੇ ਹਨ।’
ਭਾਜਪਾ ਦੇ ਸੀਨੀਅਰ ਆਗੂ ਜੇਤਲੀ ਨੇ ਕਿਹਾ ਕਿ ਅਪ੍ਰੈਲ 2012 ਚ ਡੀਆਰਡੀਓ ਦੇ ਤਤਕਾਲੀਨ ਪ੍ਰਮੁੱਖ ਵੀ ਕੇ ਸਾਰਸਵਤ ਨੇ ਕਿਹਾ ਕਿ ਭਾਰਤ ਹੁਣ ਐਂਟੀ ਸੈਟੇਲਾਈਟ ਮਿਸਾਇਲ ਬਣਾ ਸਕਦਾ ਹੈ ਪਰ ਸਰਕਾਰ ਨੇ ਇਸਦੀ ਆਗਿਆ ਨਹੀਂ ਦਿੱਤੀ।
ਜੇਤਲੀ ਨੇ ਕਿਹਾ ਕਿ ਇੱਥੇ ਅਸੀਂ ਕੌਮੀ ਸੁਰੱਖਿਆ ਦੀ ਗੱਲ ਕਰ ਰਹੇ ਹਾਂ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਹੁਣ ਕਿਉਂ ਕੀਤਾ ਹੈ, ਚੋਣਾਂ ਮਗਰੋਂ ਅਜਿਹਾ ਕਰਦੇ।’
ਜੇਤਲੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਲਈ ਇਕ ਇਤਿਹਾਸਿਕ ਦਿਨ ਹੈ, ਖਾਸ ਤੌਰ ਤੇ ਵਿਗਿਆਨੀਆਂ ਲਈ, ਜਿਨ੍ਹਾਂ ਨੇ ਅੱਜ ਉਹ ਯੋਗਤਾ ਪ੍ਰਾਪਤ ਕੀਤੀ ਜਿਹੜੀ ਹਾਲੇ ਤਕ ਵਿਸ਼ਵ ਚ ਸਿਰਫ 3 ਦੇਸ਼ਾਂ ਕੋਲ ਸਨ। ਸਾਨੂੰ ਹਰੇਕ ਤਰ੍ਹਾਂ ਦੀ ਜੰਗ ਲਈ ਤਿਆਰੀ ਕਰਨੀ ਹੋਵੇਗੀ ਤੇ ਸਾਡੀ ਤਿਆਰੀ ਹੀ ਸਾਡੀ ਸੁਰੱਖਿਆ ਹੈ।
ਜੇਤਲੀ ਨੇ ਕਿਹਾ ਕਿ ਇਹ ਪ੍ਰਾਪਤੀ ਦੇਸ਼ ਲਈ ਇਕ ਵੱਡੀ ਸਫ਼ਲਤਾ ਹੈ ਜਿਸ ਨਾਲ ਭਾਰਤ ਦੁਨੀਆ ਚ ਸ਼ਾਂਤੀ ਬਣਾਏ ਰੱਖਣ ਚ ਆਪਣਾ ਭਰਵਾਂ ਯੋਗਦਾਨ ਪਾਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਮੇਂ ਦੇ ਨਾਲ ਜੰਗ ਕਰਨ ਦੇ ਢੰਗ ਵੀ ਬਦਲ ਜਾਂਦੇ ਹਨ। ਲੰਘੇ ਹੋਏ ਸਮੇਂ ਚ ਜਿਸ ਢੰਗ ਨਾਲ ਜੰਗਾਂ ਹੋਈਆਂ, ਭਵਿੱਖ ਚ ਅਜਿਹਾ ਨਹੀਂ ਹੋਵੇਗਾ।’
ਦੱਸਣਯੋਗ ਹੈ ਕਿ ਪੀਐਮ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਭਾਰਤ ਨੇ ਪੁਲਾੜ ਚ ਐਂਟੀ ਸੈਟੇਲਾਈਟ ਮਿਸਾਇਲ ਨਾਲ ਇਕ ਲਾਈਵ ਸੈਟੇਲਾਈਟ ਨੂੰ ਮਾਰ ਸੁੱਟਦਿਆਂ ਅੱਜ ਆਪਣਾ ਨਾਂ ਪੁਲਾੜ ਮਹਾਸ਼ਕਤੀ ਵਜੋਂ ਦਰਜ ਕਰਾ ਦਿੱਤਾ ਤੇ ਭਾਰਤ ਅਜਿਹੀ ਯੋਗਤਾ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ। ਇਸ ਪ੍ਰੀਖਣ ਮਗਰੋਂ ਭਾਰਤ ਦੁਸ਼ਮਣ ਦੇ ਉਪਗ੍ਰਹਿਾਂ ਨੂੰ ਮਾਰ ਸੁੱਟਣ ਦੀ ਰਣਨੀਤਿਕ ਯੋਗਤਾ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਗਿਆ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਕੋਲ ਇਹ ਕਾਬਲਿਅਤ ਸੀ।
.