ਅੱਜ ਇੱਕ ਦਸੰਬਰ ਤੋਂ ਜਿੱਥੇ ਸਾਲ 2019 ਦੇ ਆਖ਼ਰੀ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ, ਉਸ ਦੇ ਨਾਲ ਹੀ ਨਵੇਂ ਵਰ੍ਹੇ 2020 ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਅੱਜ ਤੋਂ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੋ ਗਈਆਂ ਹਨ; ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪੈਣ ਵਾਲਾ ਹੈ। ਦਰਅਸਲ, ਅੱਜ ਪਹਿਲੀ ਦਸੰਬਰ ਤੋਂ ਹੋਣ ਵਾਲੀਆਂ ਤਬਦੀਲੀਆਂ ਵਿੱਚ ਭਾਰਤੀ ਜੀਵਨ ਬੀਮਾ ਨਿਗਮ, ਪੀਐੱਮ ਕਿਸਾਨ ਸੰਮਾਨ ਨਿਧੀ ਸਕੀਮ, ਮੋਬਾਇਲ ਟੈਰਿਫ਼ ਆਦਿ ਨਾਲ ਜੁੜੀਆਂ ਕਈ ਚੀਜ਼ਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਨੇ ਕਿਸਾਨ ਸੰਮਾਨ ਨਿਧੀ ਯੋਜਨਾ ਦੀ ਕਿਸ਼ਤ ਲੈਣ ਲਈ ਆਧਾਰ ਨੰਬਰ ਨੂੰ ਲਿੰਕ ਕਰਵਾਉਣ ਦੀ ਆਖ਼ਰੀ ਤਰੀਕ 30 ਨਵੰਬਰ ਤੈਅ ਕੀਤੀ ਹੋਈ ਹੈ। ਜੇ ਕਿਸੇ ਨੇ ਇਹ ਲਿੰਕ ਕਰਵਾਉਣ ’ਚ ਦੇਰੀ ਕੀਤੀ, ਤਾਂ ਉਸ ਦੇ ਖਾਤੇ ਵਿੱਚ 6,000 ਰੁਪਏ ਨਹੀਂ ਆਉਣਗੇ। ਉਂਝ ਜੰਮੂ–ਕਸ਼ਮੀਰ, ਲੱਦਾਖ, ਆਸਾਮ ਤੇ ਮੇਘਾਲਿਆ ਦੇ ਕਿਸਾਨਾਂ ਨੂੰ 31 ਮਾਰਚ, 2020 ਤੱਕ ਇਹ ਮੌਕਾ ਦਿੱਤਾ ਗਿਆ ਹੈ।
ਅੱਜ ਤੋਂ ਹੀ ਮੋਬਾਇਲ ਫ਼ੋਨ ਖਪਤਕਾਰਾਂ ਲਈ ਕਾੱਲਿੰਗ ਦੇ ਨਾਲ–ਨਾਲ ਇੰਟਰਨੈੱਟ ਦੀ ਵਰਤੋਂ ਵੀ ਮਹਿੰਗੀ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਟੈਲੀਕਾਮ ਕੰਪਨੀਆਂ ਟੈਰਿਫ਼ ਪਲੈਨ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਵਿੱਚ ਹਨ। ਟੈਲੀਕਾਮ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ 14 ਸਾਲ ਪੁਰਾਣੇ ਐਡਜਸਟਡ ਗ੍ਰੌਸ ਰੈਵੇਨਿਊ ਦੇ ਮਾਮਲੇ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਟੈਲੀਕਾਮ ਕੰਪਨੀਆਂ ਉੱਤੇ ਦੇਣਦਾਰੀ ਦਾ ਦਬਾਅ ਵਧਾ ਗਿਆ ਹੈ।
ਇਸ ਦੇ ਨਾਲ ਹੀ ਦਸੰਬਰ ਮਹੀਨੇ ਲਾਈਫ਼ ਇਨਸ਼ਯੋਰੈਂਸ ਭਾਵ ਜੀਵਨ ਬੀਮਾ ਨੂੰ ਲੈ ਕੇ ਕਈ ਨਿਯਮਾਂ ਵਿੱਚ ਤਬਦੀਲੀ ਹੋਣ ਵਾਲੀ ਹੈ। ਇਸ ਲਈ ਜੇ ਤੁਸੀਂ ਨਵੀਂ ਪਾਲਿਸੀ ਲੈਣ ਬਾਰੇ ਸੋਚ ਰਹੇ ਹੋ, ਤਾਂ ਥੋੜ੍ਹੀ ਉਡੀਕ ਕਰ ਸਕਦੇ ਹੋ। ਇਨਸ਼ਯੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆੱਫ਼ ਇੰਡੀਆ 1 ਦਸੰਬਰ ਨੂੰ ਲਾਈਫ਼ ਇਨਸ਼ਯੋਰੈਂਸ ਸੈਕਟਰ ਲਈ ਨਵਾਂ ਨਿਯਮ ਲਾਗੂ ਕਰਨ ਜਾ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਨਵੇਂ ਨਿਯਮ ਤਹਿਤ ਪ੍ਰੀਮੀਅਮ ਥੋੜ੍ਹਾ ਮਹਿੰਗਾ ਹੋ ਸਕਦਾ ਹੈ ਤੇ ਗਰੰਟਿਡ ਰਿਟਰਨ ਥੋੜ੍ਹੀ ਘਟ ਸਕਦੀ ਹੈ। IDBI ਫ਼ੈਡਰਲ ਲਾਈਫ਼ ਇਨਸ਼ਯੋਰੈਂਸ ਦੇ CMO ਕਾਰਤਿਕ ਰਮਨ ਮੁਤਾਬਕ ਜੇ ਪ੍ਰੀਮੀਅਮ ਮਹਿੰਗਾ ਹੋਵੇਗਾ, ਤਾਂ ਗਾਹਕਾਂ ਨੂੰ ਵੱਧ ਫ਼ੀਚਰਜ਼ ਦਾ ਲਾਭ ਮਿਲੇਗਾ।