ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਲੰਕਾ ’ਚ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਨਿਖੇਧੀ ਕੀਤੀ ਤੇ ਇਸ ਸਬੰਧੀ ਉਨ੍ਹਾਂ ਸ੍ਰੀ ਲੰਕਾ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਫ਼ੋਨ ਉੱਤੇ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨਾਲ ਆਪਣੀ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਧਾਰਮਿਕ ਸਥਾਨਾਂ ਸਮੇਤ ਕਈ ਥਾਵਾਂ ਉੱਤੇ ਹੋਏ ਲੜੀਵਾਰ ਧਮਾਕਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਹਮਲਿਆਂ ਨੂੰ ‘ਵਹਿਸ਼ੀਆਨਾ ਤੇ ਗਿਣੀ–ਮਿੱਥੀ ਸਾਜ਼ਿਸ਼’ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਹਮਲੇ ਇੱਕ ਵਾਰ ਫਿਰ ਇਸ ਖੇਤਰ ਤੇ ਸਮੁੱਚੀ ਦੁਨੀਆ ਵਿੱਚ ਅੱਤਵਾਦ ਵੱਲੋਂ ਮਨੁੱਖਤਾ ਸਾਹਵੇਂ ਰੱਖੀ ਗਈ ਗੰਭੀਰ ਚੁਣੌਤੀ ਨੂੰ ਦਰਸਾਉਂਦੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਅੱਤਵਾਦ ਜਿਹੀਆਂ ਚੁਣੌਤੀਆਂ ਤੋਂ ਸੁਰੱਖਿਆ ਯਕੀਨੀ ਬਣਾਉਣ ਲਈ ਸ੍ਰੀ ਲੰਕਾ ਨੂੰ ਹਰ ਸੰਭਵ ਮਦਦ ਤੇ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਜ਼ਖ਼ਮੀਆਂ ਦੀ ਛੇਤੀ ਸਿਹਤਯਾਬੀ ਹੋਣ ਦੀ ਵੀ ਕਾਮਨਾ ਕੀਤੀ ਤੇ ਇਲਾਜ ਵਿੱਚ ਜ਼ਰੂਰੀ ਸਹਾਇਤਾ ਵਿੱਚ ਮਦਦ ਦੀ ਪੇ਼ਸ਼ਕਸ਼ ਕੀਤੀ।
ਧਮਾਕਿਆਂ ਦੀ ਨਿਖੇਧੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਖੇਤਰ ਵਿੱਚ ਵਹਿਸ਼ੀਪੁਣੇ ਲਈ ਕੋਈ ਥਾਂ ਨਹੀਂ ਹੈ ਤੇ ਭਾਰਤ ਇਸ ਟਾਪੂ–ਦੇਸ਼ ਸ੍ਰੀ ਲੰਕਾ ਦੀ ਜਨਤਾ ਦੇ ਨਾਲ ਹੈ। ਟਵੀਟ ਰਾਹੀਂ ਸ੍ਰੀ ਮੋਦੀ ਨੇ ਕਿਹਾ ਕਿ ਉਹ ਸ੍ਰੀ ਲੰਕਾ ਵਿੱਚ ਹੋਏ ਭਿਆਨਕ ਧਮਾਕਿਆਂ ਦੀ ਨਿਖੇਧੀ ਕਰਦੇ ਹਨ।