ਕੇਂਦਰ ਦੀ ਮੋਦੀ ਸਰਕਾਰ ਨੇ ਲੜਕੀਆਂ ਦੇ ਮਾਂ ਬਣਨ ਅਤੇ ਉਨ੍ਹਾਂ ਦੇ ਵਿਆਹ ਨਾਲ ਸਬੰਧਤ ਇੱਕ ਅਹਿਮ ਫ਼ੈਸਲਾ ਲਿਆ ਹੈ। ਸਰਕਾਰ ਨੇ ਜਯਾ ਜੇਤਲੀ ਦੀ ਅਗਵਾਈ ਵਿੱਚ ਇੱਕ ਟਾਸਕ ਫ਼ੋਰਸ ਬਣਾਈ ਹੈ।
ਟਾਸਕ ਫ਼ੋਰਸ ਦਾ ਮੁੱਖ ਕੰਮ ਇਸ ਗੱਲ ਦੀ ਸਮੀਖਿਆ ਕਰਨਾ ਹੋਵੇਗਾ ਕਿ ਵਿਆਹ ਅਤੇ ਮਾਂ ਬਣਨ ਦਾ ਔਰਤਾਂ ਅਤੇ ਉਨ੍ਹਾਂ ਦੇ ਬੱਚੇ ਦੀ ਸਿਹਤ ਤੇ ਪੋਸ਼ਣ ਨਾਲ ਕਿੰਨਾ ਸਬੰਧ ਰੱਖਦਾ ਹੈ। ਨਾਲ ਹੀ, ਇਹ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਵੱਲੋਂ ਗਠਿਤ ਟਾਸਕ ਫ਼ੋਰਸ ਲੜਕੀਆਂ ਦੇ ਵਿਆਹ ਦੀ ਉਮਰ ਦੀ ਸਮੀਖਿਆ ਕਰੇਗਾ। ਟਾਸਕ ਫ਼ੋਰਸ ਨੂੰ ਲੜਕੀਆਂ ਵਿਚਕਾਰ ਉੱਚ ਸਿੱਖਿਆ ਨੂੰ ਅੱਗੇ ਵਧਾਉਣ ਦਾ ਸੁਝਾਅ ਦੇਣ ਲਈ ਵੀ ਕਿਹਾ ਗਿਆ ਹੈ।
ਟਾਸਕ ਫ਼ੋਰਸ ਆਪਣੀ ਰਿਪੋਰਟ 31 ਜੁਲਾਈ ਨੂੰ ਸੌਂਪੇਗੀ। ਜਯਾ ਜੇਤਲੀ ਤੋਂ ਇਲਾਵਾ ਟਾਸਕ ਫੋਰਸ ਵਿੱਚ ਡਾ. ਵੀ.ਕੇ. ਪਾਲ, ਮੈਂਬਰ (ਸਿਹਤ) ਨੀਤੀ ਕਮਿਸ਼ਨ, ਉੱਚ ਸਿੱਖਿਆ, ਸਕੂਲ ਸਿੱਖਿਆ, ਸਿਹਤ, ਔਰਤ ਤੇ ਬਾਲ ਵਿਕਾਸ, ਵਿਧਾਨ ਵਿਭਾਗ ਦੇ ਸਕੱਤਰ ਤੋਂ ਇਲਾਵਾ ਨਜਮਾ ਅਖ਼ਤਰ, ਵਸੁਧਾ ਕਾਮਤ ਅਤੇ ਦੀਪਤੀ ਸ਼ਾਹ ਸ਼ਾਮਲ ਹਨ।
ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਔਰਤ ਨੂੰ ਮਾਂ ਬਣਨ ਦੀ ਸਹੀ ਉਮਰ ਬਾਰੇ ਸਲਾਹ ਦੇਣ ਲਈ ਇੱਕ ਟਾਸਕ ਫ਼ੋਰਸ ਬਣਾਈ ਜਾਵੇਗੀ। ਸਰਕਾਰ ਦੀ ਇਸ ਕਵਾਇਦ ਪਿੱਛੇ ਸੁਪਰੀਮ ਕੋਰਟ ਦਾ ਫ਼ੈਸਲਾ ਹੈ। ਇਸ ਸਮੇਂ ਲੜਕੀ ਦੇ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਇੱਕ ਲੜਕੇ ਲਈ 21 ਸਾਲ ਤੈਅ ਹੈ।
ਕੀ ਹੈ ਮਾਮਲਾ ?
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਅਕਤੂਬਰ 2017 ਵਿੱਚ ਆਇਆ ਸੁਪਰੀਮ ਕੋਰਟ ਦਾ ਇੱਕ ਫ਼ੈਸਲਾ ਸਰਕਾਰ ਦੀ ਇਸ ਕਵਾਇਦ ਦਾ ਕਾਰਨ ਹੋ ਸਕਦਾ ਹੈ। ਅਦਾਲਤ ਨੇ ਕਿਹਾ ਸੀ ਕਿ ਵਿਵਾਹਕ ਬਲਾਤਕਾਰ ਤੋਂ ਬਚਾਉਣ ਲਈ ਬਾਲ ਵਿਆਹ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਨਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਵਿਆਹ ਲਈ ਘੱਟੋ-ਘੱਟ ਉਮਰ ਦਾ ਫ਼ੈਸਲਾ ਕਰਨ ਦਾ ਕੰਮ ਸਰਕਾਰ ਉੱਤੇ ਛੱਡ ਦਿੱਤਾ। ਦੂਜੇ ਪਾਸੇ, ਇਹ ਕਿਹਾ ਜਾ ਰਿਹਾ ਹੈ ਕਿ ਜੇ ਮਾਂ ਬਣਨ ਦੀ ਕਾਨੂੰਨੀ ਉਮਰ 21 ਸਾਲ ਨਿਰਧਾਰਤ ਕੀਤੀ ਜਾਂਦੀ ਹੈ ਤਾਂ ਔਰਤ ਦੀ ਬੱਚਾ ਪੈਦਾ ਕਰਨ ਦੀ ਸਮਰੱਥਾ ਵਾਲੇ ਸਾਲਾਂ ਦੀ ਗਿਣਤੀ ਆਪਣੇ ਆਪ ਘੱਟ ਜਾਵੇਗੀ