ਯੂਪੀਏ ਦੇ ਚੇਅਰਪਰਸਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਕਿ ਉਹ ਦੇਸ਼ ਸਾਹਵੇਂ ਮੌਜੂਦ ਭਖਵੇਂ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਉਨ੍ਹਾਂ ਵਿਰੁੱਧ ਇਲਜ਼ਾਮ ਲਾ ਰਹੇ ਹਨ।
ਚੇਤੇ ਰਹੇ ਕਿ ਹਰਿਆਣਾ ਦੇ ਕੁਰੂਸ਼ੇਤਰ ਵਿਖੇ ਆਯੋਜਿਤ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਜ਼ਮੀਨ ਸੌਦਾ ਮਾਮਲੇ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕੀਤੇ ਜਾਣ ਦੇ ਤੁਰੰਤ ਬਾਅਦ ਸ੍ਰੀ ਵਾਡਰਾ ਨੇ ਫ਼ੇਸਬੁੱਕ ਉੱਤੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੂੰ ਸਰਕਾਰ ਹੱਥੋਂ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ ਤੇ ਪ੍ਰਧਾਨ ਮੰਤਰੀ ਆਪਣੀਆਂ ਟਿੱਪਣੀਆਂ ਨਾਲ ਨਿਆਂਪਾਲਿਕਾ ਦਾ ਅਪਮਾਨ ਕਰ ਰਹੇ ਹਨ ਕਿ ਉਹ ਉਨ੍ਹਾਂ ਨੂੰ ਜੇਲ੍ਹ ਭੇਜ ਦੇਣਗੇ।
ਅੱਜ ਸ੍ਰੀ ਮੋਦੀ ਨੇ ਰੈਲੀ ਵਿੱਚ ਬਿਨਾ ਕਿਸੇ ਦਾ ਨਾਂਅ ਲਏ ਆਖਿਆ ਸੀ ਕਿ ਇਹ ਚੌਕੀਦਾਰ ਦਿੱਲੀ ਤੇ ਹਰਿਆਣਾ ਵਿੱਚ ਕਿਸਾਨਾਂ ਦੀ ਜ਼ਮੀਨ ਲੁੱਟਣ ਵਾਲੇ ਭ੍ਰਿਸ਼ਟ ਲੋਕਾਂ ਨੂੰ ਬਖ਼ਸ਼ੇਗਾ ਨਹੀਂ, ਜੋ ਰਾਜਿਆਂ ਵਾਂਗ ਵਿਵਹਾਰ ਕਰਦੇ ਸਲ। ਉਨ੍ਹਾਂ ਨੂੰ ਈਡੀ ਤੇ ਅਦਾਲਤਾਂ ਦੇ ਚੱਕਰ ਲਾਉਣੇ ਪੈ ਰਹੇ ਹਨ। ਤੁਹਾਡੇ ਆਾਸ਼ੀਰਵਾਦ ਨਾਲ ਕਿਸਾਨਾਂ ਨਾਲ ਨਿਆਂ ਹੋਵੇਗਾ ਤੇ ਭ੍ਰਿਸ਼ਟ ਲੋਕਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਜਾਵੇਗਾ।