ਪੀਪਲ`ਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੇ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਵੱਲੋਂ ਸ਼ਾਂਤੀ ਕਾਇਮ ਕਰਨ ਲਈ ਕੀਤੀ ਗਈ ਪੇਸ਼ਕਸ਼ ਨੂੰ ਹਾਂ-ਪੱਖੀ ਢੰਗ ਨਾਲ ਲੈਣ।
ਇੱਥੇ ਵਰਨਣਯੋਗ ਹੈ ਕਿ ਇਮਰਾਨ ਖ਼ਾਨ ਨੇ ਇੱਕ ਦਿਨ ਪਹਿਲਾਂ ਆਪਣੇ ਭਾਸ਼ਣ `ਚ ਕਸ਼ਮੀਰ ਸਮੱਸਿਆ ਭਾਰਤ ਨਾਲ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਕੀਤੀ ਸੀ। ਪਾਕਿਸਤਾਨ ਦੀਆਂ ਆਮ ਚੋਣਾਂ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਹੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ।
ਪੀਡੀਪੀ ਦੇ 19ਵੇਂ ਸਥਾਪਨਾ ਦਿਵਸ ਮੌਕੇ ਅੱਜ ਸਨਿੱਚਰਵਾਰ ਨੂੰ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਨ ਕਿ ਪਾਕਿਸਤਾਨ `ਚ ਇੱਕ ਨਵਾਂ ਪ੍ਰਧਾਨ ਮੰਤਰੀ ਆਪਣੀ ਸਰਕਾਰ ਕਾਇਮ ਕਰਨ ਜਾ ਰਿਹਾ ਹੈ। ਉਸ ਨੇ ਭਾਰਤ ਪ੍ਰਤੀ ਦੋਸਤੀ ਦਾ ਹੱਥ ਵਧਾਇਆ ਹੈ। ਉਸ ਨੇ ਗੱਲਬਾਤ ਕਰਨ ਦੀ ਪਹਿਲ ਕੀਤੀ ਹੈ ਤੇ ਪ੍ਰਧਾਨ ਮੰਤਰੀ ਨੂੰ ਉਸ ਦਾ ਹਾਂ-ਪੱਖੀ ਜਵਾਬ ਦੇਣਾ ਚਾਹੀਦਾ ਹੈ।
ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਹੁਣ ਭਾਵੇਂ ਭਾਰਤ `ਚ ਵੀ ਆਮ ਚੋਣਾਂ ਨੇੜੇ ਆ ਰਹੀਆਂ ਹਨ ਪਰ ਫਿਰ ਵੀ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਨਾਲ ਸ਼ਾਂਤੀ ਸਥਾਪਨਾ ਦੀ ਪ੍ਰਕਿਰਿਆ ਨੂੰ ਰੋਕਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ,‘‘ਅਟਲ ਬਿਹਾਰੀ ਵਾਜਪੇਈ ਜੀ ਨੇ 2004 ਦੀਆਂ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਤੇ ਸਰਹੱਦਾਂ `ਤੇ ਗੋਲੀਬੰਦੀ ਕਰਵਾਉਣ ਦਾ ਐਲਾਨ ਕੀਤਾ ਸੀ। ਹਰੇਕ ਵੱਡਾ ਲੀਡਰ ਚੋਣਾਂ ਬਾਰੇ ਨਹੀਂ, ਸਗੋਂ ਆਮ ਜਨਤਾ ਬਾਰੇ ਸੋਚਦਾ ਹੈ।``
ਬੀਤੇ ਜੂਨ ਮਹੀਨੇ ਭਾਰਤੀ ਜਨਤਾ ਪਾਰਟੀ ਵੱਲੋਂ ਗੱਠਜੋੜ ਸਰਕਾਰ ਤੋਂ ਆਪਣਾ ਹੱਥ ਖਿੱਚਣ ਤੋਂ ਬਾਅਦ ਪੀਡੀਪੀ ਦੀ ਇਹ ਪਹਿਲੀ ਜਨਤਕ ਰੈਲੀ ਸੀ। ਮਹਿਬੂਬਾ ਮੁਫ਼ਤੀ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਭਾਵੇਂ ਜਵਾਹਰਲਾਲ ਨਹਿਰੂ ਹੋਦ ਤੇ ਚਾਹੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਵੀਪੀ ਸਿੰਘ, ਆਈਕੇ ਗੁਜਰਾਲ, ਵਾਜਪੇਈ ਜਾਂ ਨਰਿੰਦਰ ਮੋਦੀ; ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਜੰਮੂ-ਕਸ਼ਮੀਰ ਸਭ ਲਈ ਇੱਕ ਚੁਣੌਤੀ ਬਣਿਆ ਰਿਹਾ ਹੈ।
ਚੇਤੇ ਰਹੇ ਕਿ ਕਸ਼ਮੀਰੀ ਵੱਖਵਾਦੀਆਂ ਨੇ ਵੀ ਇਮਰਾਨ ਖ਼ਾਨ ਦੇ ਭਾਰਤ ਨਾਲ ਗੱਲਬਾਤ ਦੇ ਬਿਆਨ ਦਾ ਸੁਆਗਤ ਕੀਤਾ ਹੈ ਤੇ ਭਾਰਤ ਨੂੰ ਹਾਂ-ਪੱਖੀ ਜਵਾਬ ਦੇਣ ਲਈ ਕਿਹਾ ਹੈ।
ਗਰਮ-ਖਿ਼ਆਲੀ ਆਗੂ ਸਈਅਦ ਅਲੀ ਗਿਲਾਨੀ ਨੇ ਆਪਣੇ ਇੱਕ ਬਿਆਨ `ਚ ਆਖਿਆ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਖ ਮੁੱਦਾ ਹੈ ਤੇ ਦੋਵੇਂ ਦੇਸ਼ਾਂ ਨੂੰ ਇਹ ਮਸਲਾ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ।