ਰਾਸ਼ਟਰੀ ਸਵੈਮ–ਸੇਵਕ ਸੰਘ (RSS) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਾਲਮ–ਨਵੀਸਾਂ ਦੇ ਇੱਕ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੁੱਲ੍ਹਾਪਣ ਹਿੰਦੁਆਂ ਦੀ ਵਿਸ਼ੇਸ਼ਤਾ ਹੈ ਤੇ ਇਸ ਨੂੰ ਕਾਇਮ ਰੱਖਣ ਦੀ ਲੋੜ ਹੈ। ਸ੍ਰੀ ਭਾਗਵਤ ਨੇ ਕਿਹਾ ਕਿ ਹਿੰਦੂ ਸਮਾਜ ਨੂੰ ਜਾਗ੍ਰਿਤ ਹੋਣਾ ਚਾਹੀਦਾ ਹੈ ਪਰ ਕਿਸੇ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ।
ਸ੍ਰੀ ਭਾਗਵਤ ਨੇ ਇਹ ਗੱਲਾਂ ਦਿੱਲੀ ਦੇ ਛਤਰਪੁਰ ਇਲਾਕੇ ’ਚ ਸਮੁੱਚੇ ਦੇਸ਼ ਦੇ 70 ਕਾਲਮ–ਨਵੀਸਾਂ ਨਾਲ ਬੰਦ ਕਮਰੇ ’ਚ ਗੱਲਬਾਤ ਦੌਰਾਨ ਆਖੀਆਂ। ਉਨ੍ਹਾਂ ਇਸ ਮੌਕੇ ਆਰਐੱਸਐੱਸ ਬਾਰੇ ਫੈਲਾਈ ਜਾ ਰਹੀ ਗ਼ਲਤ ਧਾਰਨਾ ਦੀ ਚਰਚਾ ਕੀਤੀ। ਆਰਐੱਐੱਸ ਮੁਖੀ ਨਾਲ ਮੀਟਿੰਗ ’ਚ ਮੌਜੂਦ ਕੁਝ ਕਾਲਮ–ਨਵੀਸਾਂ ਨੇ ਇਸ ਸੰਵਾਦ ਨੂੰ ਸਾਰਥਕ ਦੱਸਿਆ, ਜਿਸ ਵਿੱਚ ਵੱਖੋ–ਵੱਖਰੇ ਵਿਸ਼ਿਆਂ ’ਤੇ ਵਿਆਪਕ ਚਰਚਾ ਹੋਈ।
ਇਸ ਮੀਟਿੰਗ ’ਚ ਮੌਜੂਦ ਰਹੇ ਇੱਕ ਕਾਲਮ ਨਵੀਸ ਮੁਤਾਬਕ ਸ੍ਰੀ ਭਾਗਵਤ ਨੇ ਕਿਹਾ ਕਿ ‘ਖੁੱਲ੍ਹਾਪਣ ਹਿੰਦੂਆ ਦੀ ਖ਼ਾਸੀਅਤ ਹੈ ਤੇ ਇਸ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ।’
ਸ੍ਰੀ ਭਾਗਵਤ ਨੇ ਹਿੰਦੂਆਂ ਨੂੰ ਜਾਗ੍ਰਿਤ ਤੇ ਚੌਕਸ ਰਹਿਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਹਿੰਦੂ ਸੰਗਠਤ ਤੇ ਚੌਕਸ ਹਨ, ਉਨ੍ਹਾਂ ਨੂੰ ਕੋਹੀ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਜਾਗ੍ਰਿਤ ਰਹਿਣ ਦੀ ਲੋੜ ਹੈ ਪਰ ਕਿਸੇ ਦੇ ਵਿਰੁੱਧ ਨਹੀਂ ਹੋਣ। ਉਨ੍ਹਾਂ ਨੂੰ ਪ੍ਰਤੀਕਿਰਿਆਵਾਦੀ ਹੋਣ ਦੀ ਲੋੜ ਨਹੀਂ ਹੈ।
ਸ੍ਰੀ ਭਾਗਵਤ ਨੇ ਕਿਹਾ ਕਿ ਅਸੀਂ ਕਿਸੇ ਦਾ ਵਰਗੀਕਰਨ ਨਹੀਂ ਕਰਦੇ। ਅਸੀਂ ਕਿਸੇ ਉੱਤੇ ਕੋਈ ਸ਼ੱਕ ਵੀ ਨਹੀਂ ਕਰਦੇ। ਨਾਗਰਿਕਤਾ ਸੋਧ ਕਾਨੂੰਨ ਤੇ ਇਸ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਉੱਤੇ ਸ੍ਰੀ ਭਾਗਵਤ ਨੇ ਕਿਹਾ ਕਿ ਕਿਸੇ ਵੀ ਕਾਨੂੰਨ ਨੂੰ ਨਾਪਸੰਦ ਕੀਤਾ ਜਾ ਸਕਦਾ ਹੈ ਤੇ ਇਸ ਵਿੱਚ ਤਬਦੀਲੀ ਦੀ ਮੰਗ ਕੀਤੀ ਜਾ ਸਕਦੀ ਹੈ।
ਸ੍ਰੀ ਭਾਗਵਤ ਨੇ ਸਪੱਸ਼ਟ ਕੀਤਾ ਕਿ ਕਿਸੇ ਕਾਨੂੰਨ ਨੂੰ ਨਾਪਸੰਦ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਉਸ ਲਈ ਬੱਸਾਂ ਸਾੜੀਆਂ ਜਾਣ ਤੇ ਨਾ ਹੀ ਕਿਸੇ ਹੋਰ ਜਨਤਕ ਜਾਂ ਸਰਕਾਰੀ ਜਾਇਦਾਦ ਨੂੰ ਬਰਬਾਦ ਕੀਤਾ ਜਾ ਸਕਦਾ ਹੈ।