ਭਾਰਤ ਦੀ ਦੱਖਣ–ਪੱਛਮੀ ਮਾਨਸੂਨ ਇਸ ਵਾਰ ਲਗਭਗ ਆਮ ਵਰਗੀ ਰਹਿਣ ਦੀ ਸੰਭਾਵਨਾ ਹੈ। ਇਸੇ ਮਾਨਸੂਨ ਰਾਹੀਂ ਦੇਸ਼ ਦੇ ਅੱਧੇ ਤੋਂ ਵੱਧ ਖੇਤ ਸਿੰਜੇ ਜਾਂਦੇ ਹਨ ਤੇ ਇਹ ਦੇਸ਼ ਦੇ ਆਰਥਿਕ ਵਿਕਾਸ ਲਈ ਵੀ ਅਹਿਮ ਹੈ। ਉਂਝ ਐਤਕੀਂ ਮੌਸਮ ਨੂੰ ਅਲ–ਨੀਨੋ ਦਾ ਵੀ ਖ਼ਤਰਾ ਬਣਿਆ ਹੋਇਆ ਹੈ।
ਇਸ ਵਾਰ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਤੱਕ 96 ਫ਼ੀ ਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਦੇ ਮੌਸਮ ਵਿਭਾਗ ਮੁਤਾਬਕ ਇਸ ਭਵਿੱਖਬਾਣੀ ਵਿੱਚ 5 ਫ਼ੀ ਸਦੀ ਗ਼ਲਤੀ ਹੋਣ ਦੀ ਸੰਭਾਵਨਾ ਹੈ।
ਭਾਰਤ ਦੀ ਖੇਤੀਬਾੜੀ ਲਈ ਮਾਨਸੂਨ ਬਹੁਤ ਅਹਿਮ ਹੈ ਕਿਉਂਕਿ ਦੇਸ਼ ਵਿੱਚ 70% ਖੇਤੀਬਾੜੀ ਵਰਖਾ ਉੱਤੇ ਹੀ ਨਿਰਭਰ ਰਹਿੰਦੀ ਹੈ। ਇਸੇ ਲਈ ਛੱਪੜ, ਤਾਲਾਬ ਤੇ ਹੋਰ ਜਲ–ਸਰੋਤ ਭਰਦੇ ਹਨ ਤੇ ਉਨ੍ਹਾਂ ਨਾਲ ਹੀ ਅੱਗੇ ਫ਼ਸਲਾਂ ਸਿੰਜੀਆਂ ਜਾਂਦੀਆਂ ਹਨ। ਇਸੇ ਨਾਲ ਕਰੋੜਾਂ ਲੋਕਾਂ ਦਾ ਰੁਜ਼ਗਾਰ ਜੁੜਦਾ ਹੈ ਤੇ ਅਨਾਜ ਦੀਆਂ ਕੀਮਤਾਂ ਪ੍ਰਭਾਵਿਤ ਹੁੰਦੀਆਂ ਹਨ।
ਜੇ ਕਦੇ ਦੇਸ਼ ਵਿੱਚ ਮੀਂਹ ਘੱਟ ਪੈਂਦਾ ਹੈ, ਤਾਂ ਵਿਸ਼ਵ ਦੇ ਦੂਜਾ ਸਭ ਤੋਂ ਵੱਡੇ ਚੌਲ, ਕਣਕ ਤੇ ਨਰਮਾ ਉਤਪਾਦਕ ਦੇਸ਼ ਨੂੰ ਵੱਡੇ ਘਾਟੇ ਝੱਲਣੇ ਪੈਂਦੇ ਹਨ; ਕਿਉਂਕਿ ਜਦੋਂ ਉਤਪਾਦਨ ਘਟ ਜਾਂਦਾ ਹੈ, ਤਾਂ ਖਾਣ ਵਾਲੇ ਤੇਲ ਤੇ ਅਜਿਹੀਆਂ ਹੋਰ ਖ਼ੁਰਾਕੀ–ਵਸਤਾਂ ਵੱਧ ਮਾਤਰਾ ਵਿੱਚ ਦਰਾਮਦ ਕਰਨੀਆਂ (ਹੋਰ ਦੇਸ਼ਾਂ ਤੋਂ ਮੰਗਵਾਉਣੀਆਂ) ਪੈਂਦੀਆਂ ਹਨ।