ਦੇਸ਼ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ 'ਤੇ ਕਥਾਵਾਚਕ ਮੁਰਾਰੀ ਬਾਪੂ ਨੇ ਅਜੀਬੋ-ਗਰੀਬ ਬਿਆਨ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਰਾਮ ਕਥਾ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਚੀਨ ਦੀਆਂ ਚੀਜ਼ਾਂ ਟਿਕਾਊ ਨਹੀਂ ਹੁੰਦੀਆਂ। ਇਹ ਬਿਮਾਰੀ ਵੀ ਬਹੁਤੀ ਦੇਰ ਨਹੀਂ ਟਿਕੇਗੀ।
ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਸ਼ਹਿਰ ਵਿੱਚ ਸਾਹਮਣੇ ਆਇਆ ਸੀ। ਇਹ ਹੁਣ ਦੁਨੀਆ ਦੇ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਚੀਨ ਇਸ ਤੋਂ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਉੱਥੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 3200 ਨੂੰ ਪਾਰ ਕਰ ਗਈ ਹੈ। ਭਾਰਤ 'ਚ ਹੁਣ ਤੱਕ 29 ਲੋਕ ਇਸ ਬਿਮਾਰੀ ਦੀ ਲਪੇਟ 'ਚ ਆ ਚੁੱਕੇ ਹਨ।
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ 4 ਮਾਰਚ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ 29 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ, "ਮੈਂ ਸਥਿਤੀ ਦੀ ਰੋਜ਼ਾਨਾ ਸਮੀਖਿਆ ਕਰ ਰਿਹਾ ਹਾਂ ਅਤੇ ਮੰਤਰੀਆਂ ਦਾ ਇੱਕ ਸਮੂਹ ਵੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਨੂੰ ਦੇਖ ਰਹੇ ਹਨ। 4 ਮਾਰਚ ਤੱਕ ਕੁੱਲ 28,529 ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹੁਣ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ।"
ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਈ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ 'ਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮੀਟ ਅਤੇ ਮੱਛੀ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ। ਲਖਨਊ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਮੀਟ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।