ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਦੇ ਨਾਲ–ਨਾਲ ਕੇਂਦਰ ਸਰਕਾਰ ਨੇ ਆਰਥਿਥ ਮੋਰਚੇ ’ਤੇ ਵੀ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਸਨਿੱਚਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਖਾਸ ਮੰਤਰੀਆਂ ਤੇ ਅਧਿਕਾਰੀਆਂ ਨਾਲ ਇਸੇ ਮੁੱਦੇ ’ਤੇ ਗੱਲਬਾਤ ਕੀਤੀ ਹੈ।
ਕੱਲ੍ਹ ਦੀ ਮੀਟਿੰਗ ਵਿੱਚ ਰਾਜਾਂ ਦੀ ਆਰਥਿਕ ਪੈਕੇਜ ਦੀ ਮੰਗ ਤੇ ਵਿਭਿੰਨ ਖੇਤਰਾਂ ਨੂੰ ਮਜ਼ਬੂਤ ਕਰਨ ਦਾ ਮੁੱਦਾ ਛਾਇਆ ਰਿਹਾ। ਇਸ ਦੇ ਨਾਲ ਹੀ ਸਰਕਾਰ ਆਮ ਆਦਮੀ ਨੂੰ ਵੀ ਹੋਰ ਰਾਹਤ ਦੇ ਸਕਦੀ ਹੈ।
ਦੇਸ਼ ਵਿੱਚ ਬੀਤੀ 25 ਮਾਰਚ ਤੋਂ ਚੱਲ ਰਿਹਾ ਲੌਕਡਾਊਨ ਚਾਰ ਮਈ ਤੋਂ ਤੀਜੇ ਗੇੜ ਵਿੱਚ ਜਾ ਰਿਹਾ ਹੈ। ਇਸ ਦਾ ਅਰਥ–ਵਿਵਸਥਾ ਉੱਤੇ ਬਹੁਤ ਮਾੜਾ ਅਸਰ ਪਿਆ ਹੈ। ਹੁਣ ਸਰਕਾਰ ਇਸ ਸਥਿਤੀ ਵਿੱਚੋਂ ਨਿੱਕਲਣ ਦੀਆਂ ਯੋਜਨਾਵਾਂ ਤੇ ਨੀਤੀਆਂ ਉਲੀਕ ਰਹੀ ਹੈ।
ਸੂਤਰਾਂ ਅਨੁਸਾਰ ਸਰਕਾਰ ਵੱਲੋਂ ਕੋਰੋਨਾ ਪ੍ਰਭਾਵਿਤ ਲੋਕਾਂ ਤੇ ਕਾਰੋਬਾਰ ਨੂੰ ਇੱਕ ਹੋਰ ਰਾਹਤ ਪੈਕੇਜ ਦੇਣ ਦੀ ਤਿਆਰੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਉਦਯੋਗਾਂ ਨੂੰ ਰਾਹਤ ਪੈਕੇਜ ਦੇਣ ਦੇ ਸਬੰਧ ਵਿੱਚ ਮੀਟਿੰਗ ਵੀ ਕੀਤੀ ਹੈ।
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਇਸ ਤੋਂ ਬਾਅਦ ਹੋਰ ਮੁੱਖ ਆਰਥਿਕ ਮੰਤਰਾਲਿਆਂ ਦੇ ਮੰਤਰੀਆਂ ਨਾਲ ਵੀ ਸਬੰਧਤ ਮੁੱਦਿਆਂ ਉੱਤੇ ਮੀਟਿੰਗਾਂ ਕਰਨਗੇ। ਇਸ ਤੋਂ ਇਲਾਵਾ ਵਿੱਤ ਮੰਤਰਾਲਾ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਇੱਕ ਪੇਸ਼ਕਾਰੀ ਵੀ ਰੱਖੇਗਾ।
ਇਸ ਪੇਸ਼ਕਾਰੀ ਵਿੱਚ ਅਰਥ–ਵਿਵਸਥਾ ਦੀ ਹਾਲਤ ਤੇ ਇਸ ਨੂੰ ਸੰਭਾਲਣ ਲਈ ਮੰਤਰਾਲੇ ਵੱਲੋਂ ਵਿਚਾਰ ਕੀਤੇ ਜਾ ਰਹੇ ਅਗਲੇ ਸੰਭਾਵੀ ਕਦਮਾਂ ਬਾਰੇ ਦੱਸਿਆ ਜਾਵੇਗਾ।