ਨੈਨੋ ਮਿਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ, ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਕੋਵਿਡ–19 ਵਿਰੋਧੀ ਤੀਹਰੀ ਤੈਹ ਵਾਲੇ ਮੈਡੀਕਲ ਮਾਸਕਸ ਅਤੇ ਐੱਨ–95 ਰੈਸਪੀਰੇਟਰ ਦਾ ਵਧੇਰੇ ਮਾਤਰਾ ’ਚ ਉਤਪਾਦਨ ਲਈ ਇੱਕ ਵਾਜਬ ਸਮੱਗਰੀ ਦੀ ਵਰਤੋਂ ਲਈ ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ, ਦਿੱਲੀ ਦੇ ਪ੍ਰੋਫ਼ੈਸਰ ਅਸ਼ਵਨੀ ਕੁਮਾਰ ਅਗਰਵਾਲ ਵੱਲੋਂ ਵਿਕਸਤ ਕੀਤੀਆਂ ਐਂਟੀਵਾਇਰਲ ਨੈਨੋ–ਕੋਟਿੰਗਜ਼ ਦੀ ਅਪਸਕੇਲਿੰਗ ਲਈ ਸਮਰਥਨ ਪ੍ਰਵਾਨ ਕਰ ਦਿੱਤਾ ਹੈ।
ਸਿਲਵਰ ਬਾਰੇ ਇਹ ਪ੍ਰਸਿੱਧ ਹੈ ਕਿ ਇਸ ਵਿੱਚ ਬੈਕਟੀਰੀਆ, ਵਾਇਰਸ, ਉੱਲੀ ਤੇ ਹੋਰ ਅਜਿਹੇ ਕੀਟਾਣੂਆਂ ਵਿਰੁੱਧ ਬਹੁਤ ਮਜ਼ਬੂਤ ਐਂਟੀਮਾਈਕ੍ਰੋਬੀਅਲ ਗਤੀਵਿਧੀ ਹੈ। ਪ੍ਰੋਫ਼ੈਸਰ ਅਗਰਵਾਲ ਨੇ ਨੈਨੋ–ਮਿਸ਼ਨ ਪ੍ਰੋਜੈਕਟ ਅਧੀਨ ‘ਸਮਿਤਾ ਰਿਸਰਚ ਲੈਬ, ਆਈਆਈਟੀ ਦਿੱਲੀ’ ’ਚ ਐੱਨ9 ਬਲੂ ਨੈਨੋ–ਸਿਲਵਰ ਵਿਕਸਤ ਕੀਤਾ ਅਤੇ ਉਹ ਦੋ ਉਦਯੋਗਿਕ ਭਾਈਵਾਲਾਂ ਰੇਸਿਲ ਕੈਮੀਕਲਜ਼ ਪ੍ਰਾਈਵੇਟ ਲਿਮਿਟੇਡ – ਬੰਗਲੌਰ ਅਤੇ ਨੈਨੋਕਲੀਨ ਗਲੋਬਲ ਪ੍ਰਾਈਵੇਟ ਲਿਮਿਟੇਡ – ਨਵੀਂ ਦਿੱਲੀ ਨਾਲ ਮਿਲ ਕੇ ਅਪਸਕੇਲਿੰਗ ਦਾ ਕੰਮ ਕਰਨਗੇ।
ਰੇਸਿਲ ਕੈਮੀਕਲਜ਼ ਐੱਨ9 ਬਲੂ ਨੈਨੋ–ਸਿਲਵਰ ਪ੍ਰਦਾਨ ਕਰੇਗੀ। ਨੈਨੋਕਲੀਨ ਗਲੋਬਲ ਨੈਨੋ–ਕੋਟਿੰਗ ਲਾਉਦ ਲਈ ਫ਼ੇਸ ਮਾਸਕ ਅਤੇ ਪੀਪੀਈ (PPE) ਸਮੱਗਰੀਆਂ ਪ੍ਰਦਾਨ ਕਰੇਗੀ ਅਤੇ ਉਹ ਆਪਣੀਆਂ ਸੁਵਿਧਾਵਾਂ ’ਚ ਸੈਂਪਲਾਂ ਦੇ ਡਿਜ਼ਾਇਨ ਤੇ ਫ਼ੈਬਰੀਕੇਸ਼ਨ ਵਿੱਚ ਮਦਦ ਕਰੇਗੀ।
ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ ਨੇ ਕਿਹਾ,‘ਡੀਐੱਸਟੀ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਦੇਸ਼ ਵਿੱਚ ਨੈਨੋ–ਸਾਇੰਸ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਹੈ ਤੇ ਉਨ੍ਹਾਂ ਨੂੰ ਪ੍ਰਫ਼ੁੱਲਤ ਕੀਤਾ ਹੈ; ਜਿਸ ਰਾਹੀਂ ਮਿਆਰੀ ਮਨੁੱਖੀ ਸਰੋਤ, ਬੁਨਿਆਦੀ ਢਾਂਚੇ ਅਤੇ ਕੌਮਾਂਤਰੀ ਪੱਧਰ ਦੇ ਪ੍ਰਤੀਯੋਗੀ ਖੇਤਰ ’ਚ ਗਿਆਨ ਦਾ ਉਤਪਾਦਨ ਹੋਇਆ ਹੈ।
ਅੱਜ ਭਾਰਤ ਨੈਨੋ–ਸਾਇੰਸਜ਼ ਦੇ ਖੇਤਰ ’ਚ ਵਿਗਿਆਨਕ ਪ੍ਰਕਾਸ਼ਨਾਵਾਂ ਦੀ ਗਿਣਤੀ ਦੇ ਮਾਮਲੇ ’ਚ ਵਿਸ਼ਵ ਵਿੱਚ ਤੀਜੇ ਸਥਾਨ ’ਤੇ ਖੜ੍ਹਾ ਹੈ। ਪੀਪੀਈਜ਼, ਮਾਸਕਸ ਆਦਿ ਉੱਤੇ ਬੇਹੱਦ ਪ੍ਰਭਾਵੀ ਐਂਟੀਮਾਈਕ੍ਰੋਬੀਅਲ ਨੈਨੋ–ਪਾਰਟੀਕਲਜ਼ ਦੀ ਵਰਤੋਂ ਇੱਕ ਲਾਹੇਵੰਦ ਐਪਲੀਕੇਸ਼ਨ ਹੈ ਜੋ ਵਧੇਰੇ ਖ਼ਤਰੇ ਵਾਲੀਆਂ ਸੈਟਿੰਗਜ਼, ਜਿਵੇਂ ਮੈਡੀਕਲ ਕਰਮਚਾਰੀਆਂ ਲਈ ਸੁਰੱਖਿਆ ਦੀ ਇੱਕ ਵਾਧੂ ਤੈਹ ਪ੍ਰਦਾਨ ਕਰੇਗੀ।’
ਪ੍ਰੋ. ਅਗਰਵਾਲ ਦਾ ਆਪਣੀ ਟੀਮ ਸਮੇਤ ਏਮਸ (ਏਆਈਆਈਐੱਮਐੱਸ – AIIMS), ਨਵੀਂ ਦਿੱਲੀ ਅਤੇ ਆਈਐੱਲਬੀਐੱਸ (ILBS), ਨਵੀਂ ਦਿੱਲੀ ਨਾਲ ਮਿਲ ਕੇ ਕੋਵਿਡ–19 ਵਿਰੁੱਧ ਇਸ ਕੰਪਾਊਂਡ ਦੀਆਂ ਐਂਟੀ–ਵਾਇਰਲ ਵਿਸ਼ੇਸ਼ਤਾਵਾਂ ਦਾ ਮੁੱਲਾਂਕਣ ਕਰਨਾ ਪ੍ਰਸਤਾਵਿਤ ਹੈ।
ਬਹੁਤ ਮਜ਼ਬੂਤ ਐਂਟੀ–ਮਾਈਕ੍ਰੋਬੀਅਲ ਏਜੰਟ ਐੱਨ9 ਬਲੂ ਨੈਨੋ–ਸਿਲਵਰ ਨੂੰ ਵਧਿਆ ਹੋਇਆ ਪ੍ਰਭਾਵ ਹਾਸਲ ਕਰਨ ਲਈ ਜ਼ਿੰਕ ਕੰਪਾਊਂਡਜ਼ ਨਾਲ ਨੈਨੋ–ਕੰਪਲੈਕਸਜ਼ ਬਣਾਉਣ ਲਈ ਹੋਰ ਸੋਧਿਆ ਜਾਵੇਗਾ। ਇਸ ਤੋਂ ਬਾਅਦ, ਇਹ ਨੈਨੋ–ਸਮੱਗਰੀਆਂ ਫ਼ੇਸ–ਮਾਸਕਸ ਅਤੇ ਹੋਰ ਪੀਪੀਈਜ਼ ਉੱਤੇ ਕੋਟਿੰਗਜ਼ ਵਜੋਂ ਲਾਈਆਂ ਜਾਣਗੀਆਂ, ਤਾਂ ਜੋ ਕੋਵਿਡ–19 ਵਾਇਰਸ ਦੇ ਕਣਾਂ ਰਾਹੀਂ ਅਚਾਨਕ ਦੂਸ਼ਣ ਤੋਂ ਸੁਰੱਖਿਆ ਵਿੱਚ ਹੋਰ ਸੁਧਾਰ ਹੋ ਸਕੇ।
ਖੋਜਕਾਰ ਇਨ੍ਹਾਂ ਕੋਟਿੰਗਜ਼ ਦੇ ਸ਼ੈਲਫ਼–ਜੀਵਨ ਅਤੇ ਵਿਭਿੰਨ ਸਟੋਰੇਜ ਸਥਿਤੀਆਂ – ਜਿਵੇਂ ਕਿ ਤਾਪਮਾਨ, ਨਮੀ ਤੇ ਸਮੇਂ ਲਈ ਉਨ੍ਹਾਂ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨਗੇ ਤੇ ਫ਼ੇਸ–ਮਾਸਕਸ ਅਤੇ ਪੀਪੀਈਜ਼ ਤਿਆਰ ਕਰਨਗੇ ਅਤੇ ਫਿਰ ਫ਼ੀਲਡ ਪ੍ਰੀਖਣਾਂ ਲਈ ਇਹ ਪ੍ਰਦਾਨ ਕਰਨਗੇ।
[ਹੋਰ ਵੇਰਵਿਆਂ ਲਈ, ਕ੍ਰਿਪਾ ਕਰ ਕੇ ਸੰਪਰਕ ਕਰੋ, ਡਾ. ਅਸ਼ਵਨੀ ਕੁਮਾਰ ਅਗਰਵਾਲ (ashwini@smita-iitd.com, +919810585313)]
[PIB]