ਦਿੱਲੀ ’ਚ ਸਭ ਤੋਂ ਵੱਧ ਮੌਤਾਂ ਗੁਰਦਿਆਂ, ਸਾਹ, ਦਿਲ ਤੇ ਜਿਗਰ ਦੇ ਰੋਗਾਂ ਕਾਰਨ ਹੋ ਰਹੀਆਂ ਹਨ। ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS – ਏਮਸ) ਦੇ ਵਿਗਿਆਨੀਆਂ ਨੇ ਸਾਲ 2017 ਦੌਰਾਨ ਹੋਈਆਂ ਮੌਤਾਂ ’ਤੇ ਪਹਿਲੀ ਵਾਰ ਅਧਿਐਨ ਕੀਤਾ ਹੈ।
ਪਿੱਛੇ ਜਿਹੇ ‘ਲਾਂਸੈਂਟ’ ਨਾਂਅ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ ਸਾਲ 2017 ’ਚ ਦਿੱਲੀ ’ਚ ਲਗਭਗ 81 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ; ਜਿਨ੍ਹਾਂ ਵਿੱਚੋਂ 21.3 ਫ਼ੀ ਸਦੀ ਮੌਤਾਂ ਛੂਤ ਦੇ ਰੋਗਾਂ ਕਾਰਨ ਤੇ 57.6 ਫ਼ੀ ਸਦੀ ਮੌਤਾਂ ਗ਼ੈਰ–ਛੂਤ ਦੇ ਰੋਗਾਂ ਕਾਰਨ ਹੋਈਆਂ ਸਨ। ਸੜਕ ਹਾਦਸਿਆਂ ’ਚ 7.9 ਫ਼ੀ ਸਦੀ ਲੋਕਾਂ ਦੀ ਮੌਤ ਹੋਈ।
ਟੀਬੀ, ਦਸਤ, ਸਾਹ ਰੋਗ, ਦਿਲ, ਗੁਰਦਾ ਫ਼ੇਲ੍ਹ ਹੋਣ, ਜਿਗਰ ਖ਼ਰਾਬ ਹੋਣ ਜਾਂ ਅਲਕੋਹਲ ਲੈਣ, ਪੁਰਾਣੇ ਸਾਹ ਰੋਗ ਸਭ ਤੋਂ ਵੱਧ ਜਾਨਲੇਵਾ ਬਣੇ ਹੋਏ ਹਨ। ਡਾਕਟਰਾਂ ਮੁਤਾਬਕ ਦਿੱਲੀ ’ਚ ਪ੍ਰਦੂਸ਼ਣ ਕਾਰਨ ਸਾਹ ਰੋਗ ਬਹੁਤ ਜ਼ਿਆਦਾ ਵਧ ਗਏ ਹਨ। ਜੀਵਨ ਸ਼ੈਲੀ ਕਾਰਨ ਲੋਕ ਦਿਲ ਦੇ ਰੋਗਾਂ ਦੀ ਲਪੇਟ ਵਿੱਚ ਆ ਰਹੇ ਹਨ।
ਅਲਕੋਹਲ ਵੱਧ ਪੀਣ ਨਾਲ ਜਿਗਰ ਵਧ ਰਿਹਾ ਹੈ ਤੇ ਫਿਰ ਬਾਅਦ ’ਚ ਲਿਵਰ ਸਿਰੋਸਿਸ ਜਿਹੇ ਰੋਗ ਲੱਗ ਰਹੇ ਹਨ।
ICMR ਦੇ ਵਿਗਿਆਨੀਆਂ ਮੁਤਾਬਕ ਇਸ ਅਧਿਐਨ ਪਿੱਛੇ ਵੱਖੋ–ਵੱਖਰੇ ਰੋਗਾਂ ਦੀ ਮੌਜੂਦਾ ਸਥਿਤੀ, ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਤੇ ਕਿਸ ਉਮਰ ਵਰਗ ਵਿੱਚ ਕਿਹੜੀਆਂ ਬੀਮਾਰੀਆਂ ਜ਼ਿਆਦਾ ਫੈਲਦੀਆਂ ਹਨ ਆਦਿ ਜਾਣਕਾਰੀਆਂ ਹਾਸਲ ਕਰਨ ਲਈ ਇਹ ਅਧਿਐਨ ਕੀਤਾ ਸੀ; ਤਾਂ ਜੋ ਸਰਕਾਰ ਇਸ ਹਾਲਾਤ ਨੂੰ ਕਾਬੂ ਹੇਠ ਲਿਆ ਕੇ ਅਗਲੇਰੀ ਕਾਰਵਾਈ ਕਰ ਸਕੇ।
ਮਾਹਿਰਾਂ ਮੁਤਾਬਕ ਗ਼ੈਰ–ਛੂਤ ਵਾਲੇ ਰੋਗਾਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ; ਇਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ’ਚ ਫੈਲ ਰਹੇ ਦਿਲ ਅਤੇ ਸ਼ੱਕਰ ਰੋਗਾਂਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ।