ਭਾਰਤ ’ਚ ਕੋਰੋਨਾ ਵਾਇਰਸ ਕਾਰਨ ਦੀ ਲਪੇਟ ਵਿੱਚ ਹੁਣ ਤੱਕ 114 ਵਿਅਕਤੀ ਆ ਚੁੱਕੇ ਹਨ; ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਵਿੱਚੋਂ ਇੱਕ ਮੌਤ ਕਰਨਾਟਕ ਤੇ ਦੂਜੀ ਦਿੱਲੀ ’ਚ ਹੋਈ ਹੈ। ਸਾਰਾ ਮੀਡੀਆ ਇਸ ਵੇਲੇ ਕੋਰੋਨਾ ਦੇ ਮਰੀਜ਼ਾਂ ਦੀਆਂ ਖ਼ਬਰਾਂ ਦੇਣ ’ਚ ਰੁੱਝਿਆ ਹੋਇਆ ਹੈ ਪਰ ਕੋਈ ਅਖ਼ਬਾਰ ਜਾਂ ਟੀਵੀ ਚੈਨਲ ਉਨ੍ਹਾਂ ਡਾਕਟਰਾਂ ਤੇ ਹਸਪਤਾਲ ਦੇ ਹੋਰ ਮੁਲਾਜ਼ਮਾਂ ਦੀ ਸਾਰ ਨਹੀਂ ਲੈ ਰਿਹਾ, ਜਿਹੜੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਤੇ ਉਨ੍ਹਾਂ ਦੀ ਦੇਖਭਾਲ਼ ਕਰ ਰਹੇ ਹਨ।
‘ਹਿੰਦੁਸਤਾਨ’ ਨੇ ਦਿੱਲੀ ਦੇ ਸਫ਼ਦਰਜੰਗ ਹਸਪਤਾਲ ’ਚ ਅਜਿਹੇ ਕੁਝ ਡਾਕਟਰਾਂ ਨਾਲ ਗੱਲਬਾਤ ਕੀਤੀ, ਜਿਹੜੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਅਜਿਹੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਪੋ–ਆਪਣੇ ਘਰਾਂ ’ਚ ਇਹ ਨਹੀਂ ਦੱਸਿਆ ਹੋਇਆ ਕਿ ਉਹ ਅੱਜ–ਕੱਲ੍ਹ ਕੋਰੋਨਾ ਪੀੜਤਾਂ ਦੀ ਸੇਵਾ ਕਰ ਰਹੇ ਹਨ।
ਅਜਿਹੇ ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਮਰੀਜ਼ ਦੇ ਇਲਾਜ ਦੌਰਾਨ ਬਹੁਤ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਹਨ। ਮਰੀਜ਼ ਜਦੋਂ ਠੀਕ ਹੁੰਦਾ ਹੈ, ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਉਂਝ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਲਈ ਕਾਫ਼ੀ ਫ਼ਿਕਰਮੰਦ ਵੀ ਹੋ ਰਹੇ ਹਨ।
ਇਨ੍ਹਾਂ ਡਾਕਟਰਾਂ ਨੇ ਕਿਹਾ ਕਿ ਜਦੋਂ ਕੰਮ ਸ਼ੁਰੂ ਹੁੰਦਾ ਹੈ, ਤਾਂ ਮਰੀਜ਼ ਦਾ ਇਲਾਜ ਕਰਨਾ ਇੱਕ ਮਿਸ਼ਨ ਵਾਂਗ ਜਾਪਣ ਲੱਗਦਾ ਹੈ। ਇੱਕ ਡਾਕਟਰ ਨੇ ਕਿਹਾ ਕਿ ਸਫ਼ਦਰਜੰਗ ਹਸਪਤਾਲ ’ਚ ਵੱਡੀ ਗਿਣਤੀ ’ਚ ਕੋਰੋਨਾ ਵਾਇਰਸ ਦੇ ਮਰੀਜ਼ ਤੇ ਕੁਝ ਸ਼ੱਕੀ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ‘ਮੈਂ ਕੋਰੋਨਾ ਵਾਰਡ ’ਚ ਭਰਤੀ ਮਰੀਜ਼ਾਂ ਦਾ ਇਲਾਜ ਕਰ ਰਿਹਾ ਹਾਂ। ਸ਼ੁਰੂ ’ਚ ਥੋੜ੍ਹਾ ਘਬਰਾਇਆ ਸਾਂ। ਮੇਰੇ ਘਰ ਵਾਲੇ ਵੀ ਡਰਦੇ ਹਨ ਕਿ ਕੋਰੋਨਾ ਨੂੰ ਲੈ ਕੇ ਕੀ ਚੱਲ ਰਿਹਾ ਹੈ। ਮੈਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਮੈਂ ਕੋਰੋਨਾ–ਪੀੜਤਾਂ ਦਾ ਇਲਾਜ ਕਰ ਰਿਹਾ ਹਾਂ।’
ਡਾਕਟਰ ਨੇ ਦੱਸਿਆ ਕਿ ਹਸਪਤਾਲ ’ਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਲੱਗੇ ਡਾਕਟਰਾਂ ’ਚ ਸਾਹ ਰੋਗ, ਮੈਡੀਸਨ ਤੇ ਅਨੈਸਥੀਜ਼ੀਆ ਵਿਭਾਗ ਦੇ ਡਾਕਟਰਾਂ ਦੀ ਗਿਣਤੀ ਵੱਧ ਹੈ।
ਕੋਰੋਨਾ ਵਾਰਡ ’ਚ ਪਹਿਲਾਂ ਭਰਤੀ ਹੋਏ ਮਰੀਜ਼ਾਂ ਨੂੰ ਤੇਜ਼ ਬੁਖ਼ਾਰ ਸੀ। ਪਹਿਲਾਂ ਉਨ੍ਹਾਂ ਨੂੰ ਬੁਖ਼ਾਰ ਲਈ ਪੈਰਾਸੀਟਾਮੋਲ ਜਿਹੀਆਂ ਦਵਾਈਆਂ ਦਿੱਤੀਆਂ ਗਈਆਂ ਪਰ ਸਾਡੇ ਕੋਲ ਕੋਰੋਨਾ ਵਾਇਰਸ ਦੀ ਕੋਈ ਦਵਾਈ ਨਹੀਂ ਸੀ। ਇੱਕ ਸੀਨੀਅਰ ਡਾਕਟਰ ਨੇ ਸਾਹ ’ਚ ਤਕਲੀਫ਼ ਦੱਸ ਰਹੇ ਮਰੀਜ਼ ਨੂੰ ਟੇਮੀ–ਫ਼ਲੂ ਦੀ ਦਵਾਈ ਦੇਣੀ ਸ਼ੁਰੂ ਕੀਤੀ। ਇਸ ਦਵਾਈ ਦੀ ਵਰਤੋਂ ਸਵਾਈਨ–ਫ਼ਲੂ ’ਚ ਹੁੰਦਾ ਹੈ। ਇਸ ਦਵਾਈ ਦਾ ਛੇਤੀ ਅਸਰ ਹੋਣ ਲੱਗਾ। ਅਜਿਹੇ ਦੋ ਮਰੀਜ਼ਾਂ ਦੀ ਤਬੀਅਤ ਛੇਤੀ ਠੀਕ ਹੋਣ ਲੱਗੀ।