ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਭਾਵੇਂ ਦੇਸ਼ ਨੂੰ ਦਰਪੇਸ਼ ਅਨੇਕ ਚੁਣੌਤੀਆਂ ਭਰਪੂਰ ਮਸਲੇ ਤੇ ਮੁੱਦੇ ਚੁੱਕਦੇ ਰਹਿੰਦੇ ਹਨ ਪਰ ਜ਼ਿਆਦਾਤਰ ਭਾਰਤੀਆਂ ਨੂੰ ਵਧੇਰੇ ਚਿੰਤਾ ਬੇਰੁਜ਼ਗਾਰੀ ਨੂੰ ਲੈ ਕੇ ਹੈ। ਇੱਕ ਤਾਜ਼ਾ ਸਰਵੇਖਣ ਮੁਤਾਬਕ 46 ਫ਼ੀ ਸਦੀ ਸ਼ਹਿਰੀ ਭਾਰਤੀਆਂ ਨੂੰ ਵੱਡੀ ਚਿੰਤਾ ਬੇਰੁਜ਼ਗਾਰੀ ਦੀ ਹੈ।
ਮਾਰਕਿਟ ਰੀਸਰਚ ਕੰਪਨੀ ‘ਇਪਸੋਸ’ ਦੇ ਸਰਵੇਖਣ ‘ਵ੍ਹਟ ਵਰੀਜ਼ ਦਿ ਵਰਲਡ’ (ਦੁਨੀਆ ਨੂੰ ਕਿਸ ਗੱਲ ਦੀ ਚਿੰਤਾ ਹੈ) ਦੀ ਤਾਜ਼ਾ ਰਿਪੋਰਟ ਮੁਤਾਬਕ ਅਕਤੂਬਰ ਦੇ ਮੁਕਾਬਲੇ ਨਵੰਬਰ ’ਚ ਭਾਰਤ ਦੇ ਤਿੰਨ ਫ਼ੀ ਸਦੀ ਵੱਧ ਸ਼ਹਿਰੀ ਆਪੋ–ਆਪਣੇ ਰੁਜ਼ਗਾਰ ਨੂੰ ਲੈ ਕੇ ਫ਼ਿਕਰਮੰਦ ਹਨ।
ਇਸ ਸਰਵੇਖਣ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਹੋਰ ਮੁੱਦੇ ਵੀ ਭਾਰਤੀਆਂ ਨੂੰ ਚਿੰਤਤ ਕਰਦੇ ਹਨ। ਟੀਵੀ ਚੈਨਲ ‘ਨਿਊਜ਼ ਨੇਸ਼ਨ’ ਤੇ ‘ਨਿਊਜ਼ ਸਟੇਟ’ ਮੁਤਾਬਕ ਭਾਰਤੀਆਂ ਨੂੰ ਵਿੱਤੀ ਤੇ ਸਿਆਸੀ ਭ੍ਰਿਸ਼ਟਾਚਾਰ, ਅਪਰਾਧ ਤੇ ਹਿੰਸਾ, ਗ਼ਰੀਬੀ ਤੇ ਸਮਾਜਕ ਅਸਮਾਨਤਾ ਅਤੇ ਜਲਵਾਯੂ ਤਬਦੀਲੀ ਦੀ ਵੀ ਚਿੰਤਾ ਹੈ।
‘ਇਪਸੋਸ ਇੰਡੀਆ’ ਦੇ ਜਨਤਕ ਮਾਮਲਿਆਂ ਅਤੇ ਕਾਰਪੋਰੇਟ ਸਾਖ਼, ਕੰਟਰੀ ਸਰਵਿਸ ਲਾਈਨ ਲੀਡਰ ਪਾਰੀਜਾਤ ਚੱਕਰਵਰਤੀ ਨੇ ਕਿਹਾ ਕਿ ਸਰਕਾਰ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਨੌਕਰੀਆਂ ਦੀ ਘਾਟ ਸ਼ਹਿਰੀ ਭਾਰਤੀਆਂ ਨੂੰ ਪਰੇਸ਼ਾਨ ਕਰਦੀ ਹੈ ਕਿਉਂਕਿ ਜ਼ਿਆਦਾਤਰ ਨੌਜਵਾਨ ਆਪਣਾ ਕੋਈ ਕੰਮ ਕਰਨ ਦੀ ਥਾਂ ਨੌਕਰੀ ਕਰਨੀ ਵੱਧ ਪਸੰਦ ਕਰਦੇ ਹਨ।
ਇਸ ਸਰਵੇਖਣ ’ਚ ਭਾਗ ਲੈਣ ਵਾਲੇ 69 ਫ਼ੀ ਸਦੀ ਸ਼ਹਿਰੀ ਭਾਰਤੀਆਂ ਨੇ ਕਿਹਾ ਕਿ ਭਾਰਤ ਜਿਸ ਪਾਸੇ ਵਧ ਰਿਹਾ ਹੈ, ਉਸ ਬਾਰੇ ਉਹ ਆਸਵੰਦ ਹਨ। ਇਸ ਦੇ ਉਲਟ ਸੰਸਾਰ ਪੱਧਰ ’ਤੇ ਆਮ ਨਾਗਰਿਕ ਦੇ ਭਵਿੱਖ ਦੇ ਮਾਮਲੇ ਨੂੰ ਲੈ ਕੇ ਉਹ ਕਾਫ਼ੀ ਨਿਰਾਸ਼ ਹਨ। ਇਨ੍ਹਾਂ ਵਿੱਚੋਂ 61 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਦੇਸ਼ ਗ਼ਲਤ ਪਾਸੇ ਜਾ ਰਿਹਾ ਹੈ।
ਇਹ ਸਰਵੇਖਣ ਦੁਨੀਆ ਭਰ ਦੇ 28 ਦੇਸ਼ਾਂ ਵਿੱਚ ਹਰ ਮਹੀਨੇ ਇਪਸੋਸ ਆੱਨਲਾਈਨ ਪੈਨਲ ਪ੍ਰਣਾਲੀ ਰਾਹੀਂ ਕੀਤਾ ਜਾਂਦਾ ਹੈ। ਇਸ ਤਾਜ਼ਾ ਸਰਵੇਖਣ ਵਿੱਚ 20,000 ਬਾਲਗ਼ਾਂ ਨੇ ਭਾਗ ਲਿਆ।