ਸਪੈਸ਼ਲ ਟਾਸਕ ਫ਼ੋਰਸ (STF) ਨੇ 27 ਸਾਲਾਂ ਦੇ ਇੱਕ ਅਜਿਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਪੁਲਿਸ ਦੀ ਮੋਸਟ–ਵਾਂਟੇਡ ਸੂਚੀ ਵਿੱਚ ਸ਼ਾਮਲ ਸੀ। ਉਸ ਉੱਤੇ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਅਤੇ ਉੱਤਰ ਪ੍ਰਦੇਸ਼ ਵਿੱਚ ਅਪਰਾਧੀਆਂ ਤੱਕ ਹਥਿਆਰ ਤੇ ਅਸਲਾ ਸਪਲਾਈ ਕਰਨ ਦੇ ਦੋਸ਼ ਹਨ।
ਮੁਲਜ਼ਮ ਦੀ ਸ਼ਨਾਖ਼ਤ ਪ੍ਰਵੀਨ ਚੌਧਰੀ ਨਿਵਾਸੀ ਅਲੀਗੜ੍ਹ–ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਸ ਖ਼ਿਲਾਫ਼ ਗ਼ੈਰ–ਕਾਨੂੰਨੀ ਹਥਿਆਰਾਂ ਤੇ ਕਤਲਾਂ ਦੇ 150 ਮਾਮਲੇ ਦਰਜ ਹਨ।
ਪੁਲਿਸ ਮੁਤਾਬਕ ਪ੍ਰਵੀਨ ਚੌਧਰੀ ਅਕਸਰ ਦਿੱਲੀ, ਗੁਰੂਗ੍ਰਾਮ, ਰੇਵਾੜੀ (ਰੇਵਾੜੀ) ਅਤੇ ਉੱਤਰ ਪਦੇਸ਼ ਵਿੱਚ ਗ਼ੈਰ–ਕਾਨੂੰਨੀ ਹਥਿਆਰ ਸਪਲਾਈ ਕਰਦਾ ਰਿਹਾ ਹੈ। ਉਸ ਨਾਲ ਦੋ ਸਾਥੀ ਹੁੰਦੇ ਸਨ। ਉਸੇ ਨੇ ਬਾਦਸ਼ਾਹਪੁਰ ਦੇ ਇੱਕ ਜਿਊਲਰੀ ਸ਼ੋਅ–ਰੂਮ ਲੁੱਟਿਆ ਸੀ ਤੇ ਚੋਖਾ ਸੋਨਾ ਲੈ ਕੇ ਫ਼ਰਾਰ ਹੋ ਗਿਆ ਸੀ।
STF ਗੁਰੂਗ੍ਰਾਮ ਦੇ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਪਣੀ ਪਤਨੀ ਦੇ ਆਪਰੇਸ਼ਨ ਲਈ ਇਸ ਵੇਲੇ ਜੇਵਰ ਦੇ ਕੈਲਾਸ਼ ਹਸਪਤਾਲ ’ਚ ਹੈ। ਤਦ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਪ੍ਰਵੀਨ ਚੌਧਰੀ ਉੱਤਰ ਪ੍ਰਦੇਸ਼ ਦੇ ਕੁਝ ਅਪਰਾਧੀਆਂ ਦੇ ਸੰਪਰਕ ਵਿੱਚ ਹੈ। ਉਸ ਨੇ ਹਥਿਆਰ ਤੇ ਹੋਰ ਗੋਲੀ–ਸਿੱਕਾ ਮੁਹੱਈਆ ਕਰਵਾਉਣ ਲਈ ਕਾਫ਼ੀ ਮੋਟੀ ਰਕਮ ਪੇਸ਼ਗੀ ਲਈ ਹੋਈ ਸੀ।
ਪੁਲਿਸ ਅਨੁਸਾਰ ਮੁਲਜ਼ਮ ਪ੍ਰਵੀਨ ਚੌਧਰੀ ਮੱਧ ਪ੍ਰਦੇਸ਼ ਅਤੇ ਬਿਹਾਰ ਤੋਂ 15 ਕੁ ਹਜ਼ਾਰ ਰੁਪਏ ਪ੍ਰਤੀ ਹਥਿਆਰ ਵਸੂਲ ਕਰਦਾ ਸੀ ਤੇ ਉਨ੍ਹਾਂ ਨੂੰ 30–30 ਅਤੇ 50–50 ਹਜ਼ਾਰ ਰੁਪਏ ਪ੍ਰਤੀ ਹਥਿਆਰ ਦੀ ਕੀਮਤ ਉੱਤੇ ਵੇਚ ਦਿੰਦਾ ਸੀ।
ਉਹ ਪਿਛਲੇ ਕਈ ਸਾਲਾਂ ਤੋਂ ਅਪਰਾਧਕ ਗਿਰੋਹਾਂ ਦੇ ਮੈਂਬਰਾਂ ਸੁੰਦਰ ਭੱਟੀ, ਬਲਰਾਜ ਭੱਟੀ, ਅਨਿਲ ਦੁਜਾਨਾ ਤੇ ਨੀਤੂ ਦਬੋੜੀਆ ਨੂੰ ਹਥਿਆਰ ਸਪਲਾਈ ਕਰਦਾ ਰਿਹਾ ਸੀ। ਉਹ ਹੁਣ ਤੱਕ ਦਿੱਲੀ, ਉੱਤਰ ਪ੍ਰਦੇਸ਼, ਰੇਵਾੜੀ ਤੇ ਗੁਰੂਗ੍ਰਾਮ ਦੇ 100 ਤੋਂ ਵੱਧ ਅਪਰਾਧੀਆਂ ਨੂੰ 500 ਪਿਸਤੌਲਾਂ, ਰਿਵਾਲਵਰ ਤੇ ਦੇਸੀ ਪਿਸਤੌਲਾਂ ਸਪਲਾਈ ਕਰ ਚੁੱਕਾ ਹੈ।