ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਜਿੱਤ ਕਾਰਨ ਲੋਕਾਂ ਦੇ ਨਾਇਕ ਬਣੇ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਇੱਕ ਮੁਸਲਿਮ ਪਰਿਵਾਰ ਨੇ ਆਪਣੇ ਨਵ–ਜਨਮੇ ਪੁੱਤਰ ਦਾ ਨਾਂਅ ਪ੍ਰਧਾਨ ਮੰਤਰੀ ਦੇ ਨਾਂਅ ਉੱਤੇ ਰੱਖਿਆ ਸੀ ਪਰ ਇੱਕ ਦਿਨ ਬਾਅਦ ਉਨ੍ਹਾਂ ਨੂੰ ਦਬਾਅ ਕਾਰਨ ਬੱਚੇ ਦਾ ਨਾਂਅ ਬਦਲਣਾ ਪਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦੀ ਖ਼ੁਸ਼ੀ ਵਿੱਚ ਨਵਜਨਮੇ ਦਾ ਨਾਂਅ ਰੱਖਣ ਵਾਲੀ ਮੁਸਲਿਮ ਔਰਤ ਨੇ ਆਪਣੇ ਪੁੱਤਰ ਦੇ ਨਾਂਅ ਵਿੱਚ ਮੁੜ ਤਬਦੀਲੀ ਕੀਤੀ ਹੈ। ਉਸ ਨੇ ਹੁਣ ਆਪਣੇ ਪੁੱਤਰ ਦਾ ਨਾਂਅ ਮੁਹੰਮਦ ਅਲਤਾਫ਼ ਆਲਮ ਮੋਦੀ ਰੱਖਣ ਦੀ ਗੱਲ ਆਖੀ ਹੈ। ਔਰਤ ਮੁਤਾਬਕ ਰਿਸ਼ਤੇਦਾਰਾਂ ਦੇ ਦਬਾਅ ਹੇਠ ਉਸ ਨੂੰ ਇੰਝ ਮਜਬੂਰਨ ਕਰਨਾ ਪਿਆ।
ਵਜ਼ੀਰਗੰਜ ਬਲਾਕ ਦੇ ਪਰਸਪੁਰਮਹਡੌਰ ਪਿੰਡ ਦੀ ਔਰਤ ਮਹਿਨਾਜ਼ ਪਤਨੀ ਮੁਸ਼ਤਾਕ ਨੇ ਆਪਣੇ ਬੱਚੇ ਦਾ ਨਾਂਅ ਨਰੇਂਦਰ ਦਾਮੋਦਰ ਦਾਸ ਮੋਦੀ ਰੱਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਖ਼ਬਰ ਸੁਰਖ਼ੀਆਂ ਵਿੱਚ ਰਹੀ ਸੀ। ਇਹ ਨਾਂਅ ਪਰਿਵਾਰ ਰਜਿਸਟਰ ਵਿੱਚ ਦਰਜ ਕਰਨ ਬਾਰੇ ਇੱਕ ਹਲਫ਼ੀਆ ਬਿਆਨ ਵੀ ਦਿੱਤਾ ਗਿਆ ਸੀ।
ਇਸ ਬੱਚੇ ਦਾ ਜਨਮ ਲੋਕ ਸਭਾ ਦੇ ਚੋਣ–ਨਤੀਜਿਆਂ ਵਾਲੇ ਦਿਨ ਭਾਵ 23 ਮਈ ਨੂੰ ਹੋਇਆ ਸੀ।