ਕੋਈ ਹੋਰ ਤੁਹਾਨੁੰ ਆਪਣੀ ਮੰਜ਼ਿਲ ਹਾਸਲ ਕਰਨ ਦਾ ਰਾਹ ਤਾਂ ਜ਼ਰੂਰ ਵਿਖਾ ਸਕਦਾ ਹੈ ਪਰ ਉਸ ਮੰਜ਼ਿਲ ’ਤੇ ਪੁੱਜਣ ਲਈ ਸਖ਼ਤ ਮਿਹਨਤ ਤੁਹਾਨੂੰ ਖ਼ੁਦ ਕਰਨੀ ਪੈਂਦੀ ਹੈ। ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਤੋਂ ਵਕਾਲਤ (LLB) ਪਾਸ ਕਰਨ ਕਰਨ ਵਾਲੀ ਵਿਦਿਆਰਥਣ ਅਕਮਲ ਜਹਾਂ ਅਨਸਾਰੀ ਨੇ ਸਿੱਧ ਕਰ ਵਿਖਾਇਆ ਹੈ।
ਹਰਿਦੁਆਰ ਨਿਵਾਸੀ ਅਕਮਲ ਜਹਾਂ ਅਨਸਾਰੀ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਪੜ੍ਹਨ ਦੀ ਇੱਛਾ ਪ੍ਰਗਟਾਈ, ਤਾਂ ਪਰਿਵਾਰ ਨੇ ਸਮਾਜ ਦੇ ਮਾਹੌਲ ਨੂੰ ਵੇਖਦਿਆਂ ਸ਼ਹਿਰ ਤੋਂ ਬਾਹਰ ਉਸ ਦੀ ਪੜ੍ਹਾਈ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਪਰ ਧੀ ਅਕਮਲ ਨੇ ਕਿਸੇ ਦੀ ਨਹੀਂ ਸੁਣੀ ਤੇ ਉਸ ਦੀ ਜ਼ਿੱਦ ਅੱਗੇ ਪਰਿਵਾਰਕ ਮੈਂਬਰਾਂ ਨੂੰ ਝੁਕਣਾ ਪਿਆ।
ਮਾਂ ਨੇ ਧੀ ਦੇ ਉੱਜਲ ਭਵਿੱਖ ਦੀ ਖ਼ਾਤਰ ਚੂੜੀਆਂ ਦੀ ਦੁਕਾਨ ਖੋਲ੍ਹ ਲਈ ਤੇ LLB ਦੀ ਪੜ੍ਹਾਈ ਲਈ AMU ਵਿੱਚ ਦਾਖ਼ਲਾ ਦਿਵਾਇਆ। ਉਸ ਦਾ ਨਤੀਜਾ ਇਹ ਰਿਹਾ ਕਿ ਅੱਜ ਅਕਮਲ ਜਹਾਂ ਅਨਸਾਰੀ ਨੇ ਜੱਜ ਬਣ ਕੇ ਸਮੁੱਚੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ।
ਹਰਿਦੁਆਰ ਦੇ ਘੀਸੂਪੁਰਾ ਪਿੰਡ ਦੀ ਜੰਮਪਲ਼ ਅਤੇ AMU ਤੋਂ LLB ਤੇ ਫਿਰ LLM (ਵਕਾਲਤ ਦੀ ਪੋਸਟ–ਗ੍ਰੈਜੂਏਸ਼ਨ) ਤੱਕ ਦੀ ਪੜ੍ਹਾਈ ਕਰਨ ਵਾਲੀ ਅਕਮਲ ਜਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂ ਤੋਂ ਹੀ ਜੱਜ ਬਣਨ ਦੀ ਇੱਛਾ ਸੀ। ਸਾਲ 2007 ’ਚ ਪਿਤਾ ਦਾ ਦੇਹਾਂਤ ਹੋ ਗਿਆ, ਤਾਂ ਘਰ ਦਾ ਸਾਰਾ ਬੋਝ ਮਾਂ ਹਾਸ਼ਮੀ ਬੇਗਮ ਦੇ ਮੋਢਿਆਂ ਉੱਤੇ ਆਣ ਪਿਆ।
ਮਾਂ ਨੇ ਹਿੰਮਤ ਨਹੀਂ ਹਾਰੀ ਤੇ ਮਿਹਨਤ ਕਰ ਕੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀ। ਹਰਿਦੁਆਰ ਦੇ ਇੱਕ ਇੰਟਰ ਕਾਲਜ ਤੋਂ ਇੰਟਰਮੀਡੀਏਟ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ AMU ਤੋਂ ਪਹਿਲਾਂ B.A. LLB ਅਤੇ LLM ਦੀ ਪੜ੍ਹਾਈ ਕੀਤੀ। ਨਾਲ ਹੀ ਉਸ ਜੱਜ ਬਣਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ।
ਜੱਜ ਬਣਨ ਤੋਂ ਬਾਅਦ ਅਕਮਲ ਜਹਾਂ ਨੇ ਦੇਸ਼ ਦੀਆਂ ਸਾਰੀਆਂ ਮੁਸਲਿਮ ਭੈਣਾਂ ਨੂੰ ਸੁਨੇਹਾ ਦਿੱਤਾ ਕਿ ਉਹ ਘਰਾਂ ’ਚ ਨਾ ਰਹਿਣ। ਘਰਾਂ ਤੋਂ ਬਾਹਰ ਨਾ ਨਿੱਕਲਣ ਤੇ ਦੁਨੀਆ ਨੂੰ ਵੇਖਣ। ਉਨ੍ਹਾਂ ਕਿਹਾ ਕਿ ਜੇ ਉਹ ਟੀਚਾ ਤੈਅ ਕਰ ਕੇ ਪੜ੍ਹਾਈ ਕਰਨਗੀਆਂ, ਤਾਂ ਮੰਜ਼ਿਲ ਜ਼ਰੂਰ ਹੀ ਉਨ੍ਹਾਂ ਦੇ ਕਦਮ ਚੁੰਮੇਗੀ।
ਅਕਮਲ ਜਹਾਂ ਅਨਸਾਰੀ ਦੇ ਦੋ ਵੱਡੇ ਭਰਾ ਹਨ। ਦੋਵੇਂ ਭਰਾ ਸਾਜਿਦ ਤੇ ਰਾਸ਼ਿਦ ਆਟੋ ਚਲਾਉਂਦੇ ਹਨ। ਜਦ ਕਿ ਛੋਟਾ ਭਰਾ ਹਸਨੈਨ AMU ਤੋਂ ਬੀਏ ਐੱਲਐੱਲਬੀ ਦੀ ਪੜ੍ਹਾਈ ਕਰ ਰਿਹਾ ਹੈ।